ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਦਾ ਆਗਾਜ਼

ਪੰਜਾਬ ਵਾਸੀਆਂ ਨੂੰ ਉਨ੍ਹਾਂ ਦੇ ਬੂਹੇ ਉੱਤੇ ਜਾ ਕੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਕ ਹੋਰ ਨਾਗਰਿਕ ਕੇਂਦਰਿਤ ਉਪਰਾਲਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਸਕੀਮ ਦਾ ਆਗਾਜ਼ ਕੀਤਾ। ਇਸ ਸਕੀਮ ਤਹਿਤ ਲੋਕਾਂ ਨੂੰ ਸੇਵਾਵਾਂ ਦੇਣ ਲਈ ਪਿੰਡ ਤੇ ਮੁਹੱਲਾ ਪੱਧਰ ਉੱਤੇ ਕੈਂਪ ਲਾਏ ਜਾਣਗੇ। ਕੈਂਪ ਦੀ ਸ਼ੁਰੂਆਤ ਕਰਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਅੱਜ ਦੇ ਦਿਨ ਨੂੰ ਸੂਬੇ ਦੇ ਇਤਿਹਾਸ ਲਈ ਯਾਦਗਾਰੀ ਦਿਨ ਦੱਸਿਆ ਕਿਉਂਕਿ ਹੁਣ ਲੋਕਾਂ ਨੂੰ ਆਪਣੇ ਆਮ ਪ੍ਰਸ਼ਾਸਕੀ ਕਾਰਜਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਨਹੀਂ ਜਾਣਾ ਪਵੇਗਾ, ਸਗੋਂ ਸਰਕਾਰੀ ਅਧਿਕਾਰੀ ਖ਼ੁਦ ਲੋਕਾਂ ਕੋਲ ਜਾ ਕੇ ਸੇਵਾਵਾਂ ਮੁਹੱਈਆ ਕਰਵਾਉਣਗੇ।

‘ਆਪ ਦੀ ਸਰਕਾਰ, ਆਪ ਦੇ ਦੁਆਰ’ ਸਕੀਮ ਦੀ ਸ਼ੁਰੂਆਤ

ਪੰਜਾਬ ਸਰਕਾਰ ਨੇ ਵੱਡੀ ਪੁਲਾਂਘ ਪੁੱਟਦਿਆਂ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਸਕੀਮ ਦੀ ਸ਼ੁਰੂਆਤ ਕਰ ਦਿੱਤੀ ਹੈ ਤਾਂ ਕਿ ਪਿੰਡਾਂ-ਸ਼ਹਿਰਾਂ ਵਿੱਚ ਕੈਂਪ ਲਾ ਕੇ ਲੋਕਾਂ ਕੋਲ ਸਿੱਧੀ ਪਹੁੰਚ ਕੀਤੀ ਜਾ ਸਕੇ। ਫਰਵਰੀ ਮਹੀਨੇ ਵਿੱਚ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿੱਚ 11600 ਕੈਂਪ ਲਾਏ ਜਾਣਗੇ। ਹਰੇਕ ਤਹਿਸੀਲ ਵਿੱਚ ਹਰ ਰੋਜ਼ ਚਾਰ ਕੈਂਪ ਲਗਾਏ ਜਾਣਗੇ। ਕੈਂਪ ਵਿੱਚ ਐੱਸ.ਡੀ.ਐਮ., ਤਹਿਸੀਲਦਾਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਜ਼ਿਲ੍ਹਾ ਫੂਡ ਸਪਲਾਈ ਅਫਸਰ, ਐੱਸ.ਐੱਚ.ਓ., ਜ਼ਿਲ੍ਹਾ ਭਲਾਈ ਅਫਸਰ, ਕਾਨੂੰਨਗੋ, ਪਟਵਾਰੀ, ਐੱਸ.ਡੀ.ਓ., ਐਕਸੀਅਨ ਵਰਗੇ ਵੱਡੇ ਅਧਿਕਾਰੀ ਅਰਜ਼ੀਆਂ ਲੈਣ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਹਾਜ਼ਰ ਰਹਿਣਗੇ। ਮਿਸਾਲ ਦੇ ਤੌਰ ‘ਤੇ ਜੇ ਕਿਸੇ ਨੇ ਕਾਲਜ ਵਿੱਚ ਦਾਖ਼ਲਾ ਲੈਣ ਲਈ ਰਿਹਾਇਸ਼ੀ ਸਰਟੀਫਿਕੇਟ ਬਣਵਾਉਣਾ ਹੈ ਤਾਂ ਉਸ ਨੂੰ ਆਧਾਰ ਕਾਰਡ, ਵੋਟਰ ਕਾਰਡ ਅਤੇ ਹੋਰ ਲੋੜੀਂਦੇ ਅਸਲ ਦਸਤਾਵੇਜ਼ਾਂ ਨੂੰ ਕੈਂਪ ਵਿੱਚ ਅਪਲਾਈ ਕਰਨਾ ਹੋਵੇਗਾ ਅਤੇ ਇਸ ਦੀ ਤਸਦੀਕ ਲਈ ਕੈਂਪ ਵਿੱਚ ਪਟਵਾਰੀ ਮੌਜੂਦ ਹੋਵੇਗਾ ਅਤੇ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਮੌਕੇ ਉੱਤੇ ਉਸ ਦੀ ਤਸਦੀਕ ਕਰਕੇ ਸਰਟੀਫਿਕੇਟ ਸੌਂਪ ਦੇਣਗੇ।

ਕੈਂਪਾਂ ਵਿੱਚ 44 ਸੇਵਾਵਾਂ ਕੈਂਪਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ ਮੁਹੱਈਆ

44 ਪ੍ਰਮੁੱਖ ਸੇਵਾਵਾਂ ਜਿਨ੍ਹਾਂ ਦੀ ਲੋਕਾਂ ਨੂੰ ਅਕਸਰ ਸਭ ਤੋਂ ਵੱਧ ਲੋੜ ਹੁੰਦੀ ਹੈ ਜਿਵੇਂ ਕਿ ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਜਨਮ/ਮੌਤ ਸਰਟੀਫਿਕੇਟ, ਫਰਦ, ਲੇਬਰ ਰਜਿਸਟਰੇਸ਼ਨ, ਪੈਨਸ਼ਨ, ਪੇਂਡੂ ਖੇਤਰ ਸਰਟੀਫਿਕੇਟ ਅਤੇ ਹੋਰ ਸੇਵਾਵਾਂ ਕੈਂਪਾਂ ਵਿੱਚ ਅਪਲਾਈ ਕਰਕੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਨਾਗਰਿਕ ਵੀ ਆਪਣੀਆਂ ਸ਼ਿਕਾਇਤਾਂ ਕੈਂਪਾਂ ਵਿੱਚ ਦੇ ਸਕਣਗੇ, ਜਿਨ੍ਹਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਜਾਵੇਗਾ।

ਸਰਕਾਰ ਲੋਕਾਂ ਦੇ ਘਰਾਂ ਤੱਕ ਜਾਵੇਗੀ

ਇਹ ਕੈਂਪ ਸਰਕਾਰ ਨੂੰ ਆਪਣੇ ਨਾਗਰਿਕਾਂ ਦੀਆਂ ਲੋੜਾਂ ਪ੍ਰਤੀ ਵਧੇਰੇ ਪਹੁੰਚਯੋਗ ਅਤੇ ਜਵਾਬਦੇਹ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੇ। ਇਹ ਉਪਰਾਲਾ ਸਰਕਾਰੀ ਕਾਰਜਾਂ ਵਿੱਚ ਹੋਰ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ਵਿੱਚ ਵੀ ਮਦਦ ਕਰੇਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਕਦਮ ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਜਾਂ ਮਸਲਿਆਂ ਬਾਰੇ ਆਪਣੀਆਂ ਚਿੰਤਾਵਾਂ, ਸ਼ਿਕਾਇਤਾਂ ਅਤੇ ਸੁਝਾਅ ਦੇਣ ਲਈ ਢੁਕਵਾਂ ਮੰਚ ਪ੍ਰਦਾਨ ਕਰੇਗਾ। ਇਸ ਪਹਿਲਕਦਮੀ ਨਾਲ ਲੋਕਾਂ ਨੂੰ ਅਖ਼ਤਿਆਰ ਦੇਣ ਲਈ ਨਵੀਂ ਕ੍ਰਾਂਤੀ ਦੀ ਸ਼ੁਰੂਆਤ ਹੋਈ ਹੈ। ਹੁਣ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ, ਜਦੋਂ ਕਿ ਹੁਣ ਸਰਕਾਰ ਲੋਕਾਂ ਦੇ ਘਰਾਂ ਤੱਕ ਜਾਵੇਗੀ। ਇਹ ਸਕੀਮ ਅਸਲ ਅਰਥਾਂ ਵਿੱਚ ਲੋਕਾਂ ਦੇ ਸਸ਼ਕਤੀਕਰਨ ਦਾ ਉਦੇਸ਼ ਪੂਰਾ ਕਰਦੀ ਹੈ, ਜਿੱਥੇ ਸਰਕਾਰ ਲੋਕਾਂ ਦੀ ਭਲਾਈ ਲਈ ਫਰਾਖ਼ਦਿਲੀ ਨਾਲ ਹੋਰ ਵੀ ਤਨਦੇਹੀ ਨਾਲ ਕੰਮ ਕਰੇਗੀ।

Leave a Reply

Your email address will not be published. Required fields are marked *