ਅਵਤਾਰ ਸਿੰਘ ਪਾਸ਼ ਸਾਡਿਆਂ ਸਮਿਆਂ ਦਾ ਇੱਕ ਸਿਰਮੌਰ ਕ੍ਰਾਂਤੀਕਾਰੀ ਕਵੀ ਹੈ। ਪਾਸ਼ ਦੇ ਕਾਵਿ-ਬੋਧ ਦਾ ਮੁੱਖ ਆਧਾਰ ਯਥਾ-ਸਥਿਤੀ ਦੇ ਵਿਰੁੱਧ ਵਿਦਰੋਹ ਹੈ। ਇਸੇ ਆਧਾਰ ਤੋਂ ਉਸਨੇ ਜੋ ਅਨੁਭਵ ਕੀਤਾ, ਉਸਨੂੰ ਆਪਣੀ ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ ਦੀ ਮਹੀਨ ਪਾਣ ਚਾੜ੍ਹ ਕੇ ਸਿਰਜਿਆ। ਉਸ ਸਮੇਂ ਦੀ ਯਥਾਸਥਿਤੀ (ਖ਼ਾਸ ਕਰਕੇ ਪੇਂਡੂ ਜੀਵਨ ਦੀ ਵਾਸਤਵਿਕਤਾ) ਨੂੰ ਉਸਨੇ ਆਪਣੇ ਕਲੇਵਰ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਅਤੇ ਇਸ ਨੂੰ ਆਪਣੀ ਕਵਿਤਾ ਦਾ ਮੁੱਖ-ਗਰਾਊਂਡ ਬਣਾਇਆ। ਇਸ ਯਥਾਸਥਿਤੀ ਦਾ ਕਾਵਿਕ ਚਿਤਰਨ ਕਰਦਿਆਂ ਉਸ ਨੇ ਥੁੜਾਂ, ਵਿਕ੍ਰਿਤੀਆਂ, ਬੇਇਨਸਾਫ਼ੀਆਂ, ਪਿਛੜੇਪਨ, ਕੰਗਾਲੀ ਅਤੇ ਲੁੱਟ-ਖਸੁੱਟ ਲਈ ਜ਼ਿੰਮੇਵਾਰ ਰਾਜਸੱਤਾ, ਰਾਤਜਨੀਤੀ, ਅਰਥ ਵਿਵਸਥਾ, ਸਾਮਾਜਿਕ ਵਿਵਸਥਾ, ਸੰਵਿਧਾਨ, ਸਰਕਾਰ, ਨੌਕਰਸ਼ਾਹੀ, ਪੁਲਿਸ ਆਦਿ ਨੂੰ ਵੰਗਾਰਿਆ। ਇਸ ਵੰਗਾਰ ਰਾਹੀਂ ਉਸਨੇ ਲੋਕਾਂ ਨੂੰ ਕ੍ਰਾਂਤੀਕਾਰੀ ਸੰਘਰਸ਼ ਲਈ ਉਭਾਰਨ ਦੀ ਕੋਸ਼ਿਸ਼ ਕਰਦਿਆਂ ਵਿਦਰੋਹੀ ਕਵਿਤਾ ਦਾ ਨਿਰਮਾਣ ਕੀਤਾ।
ਜਨਮ ਤੇ ਪਰਿਵਾਰ
ਪਾਸ਼ ਦਾ ਅਸਲ ਨਾਮ ਅਵਤਾਰ ਸਿੰਘ ਸੰਧੂ ਸੀ ਦਾ ਜਨਮ ਪਿੰਡ ਤਲਵੰਡੀ ਸਲੇਮ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਵਿੱਚ 9 ਸਤੰਬਰ 1950 ਨੂੰ ਹੋਇਆ। ਪਾਸ਼ ਇੱਕ ਮੱਧ-ਵਰਗੀ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਪਾਸ਼ ਦੇ ਪਿਤਾ ਸ. ਸੋਹਨ ਸਿੰਘ ਸੰਧੂ ਭਾਰਤੀ ਫ਼ੌਜ ਦੇ ਸਿਗਨਲ ਕੋਰ ਵਿੱਚ ਮੇਜਰ ਦੇ ਪਦ ਤੋਂ ਰਿਟਾਇਰ ਹੋਏ ਸਨ। ਪਾਸ਼ ਹੋਰੀਂ ਦੋ ਭਰਾ ਅਤੇ ਦੋ ਭੈਣਾਂ ਸਨ। ਪਿਤਾ ਦੇ ਪਰਿਵਾਰ ਤੋਂ ਦੂਰ ਰਹਿਣ ਕਾਰਨ ਅਤੇ ਮਾਂ ਦੇ ਅਨਪੜ੍ਹ ਹੋਣ ਕਰ ਕੇ ਬੱਚਿਆਂ ਦੀ ਪੜ੍ਹਾਈ ‘ਤੇ ਬਹੁਤ ਅਸਰ ਪਿਆ। ਬੱਚੇ ਪ੍ਰਤਿਭਾਸ਼ਾਲੀ ਹੋਣ ਦੇ ਬਾਵਜੂਦ ਉੱਚ ਸਿੱਖਿਆ ਪ੍ਰਾਪਤ ਨਾ ਕਰ ਸਕੇ।
ਬਚਪਨ ਅਤੇ ਮੁੱਢਲਾ ਜੀਵਨ
ਬਚਪਨ ਤੋਂ ਹੀ ਪਾਸ਼ ਸੰਵੇਦਨਸ਼ੀਲ ਬੱਚਾ ਸੀ। ਛੇ ਸਾਲ ਦੀ ਉਮਰ ਵਿੱਚ ਉਸਨੂੰ ਗੁਆਂਢੀ ਪਿੰਡ ਖੀਵਾ ਵਿਖੇ ਪੜ੍ਹਨ ਲਾ ਦਿੱਤਾ ਗਿਆ, ਜਿਥੋਂ ਪਾਸ਼ ਨੇ 1964 ਵਿੱਚ ਅੱਠਵੀਂ ਦੀ ਪ੍ਰੀਖਿਆ ਪਾਸ ਕਰ ਲਈ। ਪਾਸ਼ ਨੇ ਆਜ਼ਾਦਾਨਾ ਸੁਭਾਅ ਕਾਰਨ ਨੌਵੀਂ ਕਲਾਸ ਵਿੱਚ ਦਾਖਲ ਹੋਣ ਦੀ ਥਾਂ ਕਪੂਰਥਲੇ ਖੁੱਲ੍ਹੇ ਤਕਨੀਕੀ ਸਕੂਲ ਵਿੱਚ ਦਾਖਲਾ ਲੈ ਲਿਆ, ਜਿਸ ਤੋਂ ਇੱਕ ਵਾਰ ਤਾਂ ਇਹ ਵੀ ਜਾਪਦਾ ਹੈ ਕਿ ਜਿਵੇਂ ਪਾਸ਼ ਰੁਜ਼ਗਾਰ ਪ੍ਰਤੀ ਚੇਤੰਨ ਹੋਵੇ। ਪਰ ਪਾਸ਼ ਨੇ ਡਿਪਲੋਮਾ ਪਾਸ ਨਹੀਂ ਕੀਤਾ ਅਤੇ ਉਸ ਦੀ ਖੱਬੇ-ਪੱਖੀ ਰਾਜਨੀਤਿਕ ਕਾਰਕੁਨਾਂ ਨਾਲ ਮੇਲ-ਜੋਲ ਦੀ ਸ਼ੁਰੂਆਤ ਹੋ ਗਈ ਅਤੇ ਪਾਸ਼ ਦੀ ਜ਼ਿੰਦਗੀ ਨੇ ਆਪਣਾ ਰੁਖ਼ ਬਦਲ ਲਿਆ|
ਵਿਆਹ
1976 ਵਿੱਚ ਇੱਕ ਵਾਰ ਫਿਰ ਪਾਸ਼ ਨੇ ਪੜ੍ਹਾਈ ਸ਼ੁਰੂ ਕਰ ਦਿੱਤੀ। ਉਸਨੇ ਦਸਵੀਂ ਅਤੇ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਈਵਨਿੰਗ ਕਾਲਜ ਜਲੰਧਰ ਤੋਂ ਬੀ.ਏ. ਭਾਗ – ਪਹਿਲਾ ਵੀ ਪਾਸ ਕਰ ਲਈ। 1978 ਵਿੱਚ ਪਾਸ਼ ਨੇ ਜੇ.ਬੀ.ਟੀ. ਜੰਡਿਆਲੇ ਸ਼ੁਰੂ ਕੀਤੀ ਪਰ ਪਾਸ ਕੀਤੀ ਸੇਖ਼ੂਪੁਰੇ (ਕਪੂਰਥਲਾ) ਤੋਂ। ਪਾਸ਼ ਭਾਵੇਂ ਆਪਣੀਆਂ ਚਿੱਠੀਆਂ ‘ਚ ਇੱਕ ਕੁੜੀ ਨਾਲ ਆਪਣੇ ਪਿਆਰ ਦੀ ਗੱਲ ਵੀ ਕਰਦਾ ਹੈ ਪਰ ਜੂਨ 1978 ਨੂੰ ਪਾਸ਼ ਦਾ ਵਿਆਹ ਮਾਪਿਆਂ ਦੀ ਮਰਜ਼ੀ ਅਤੇ ਸਮਾਜਿਕ ਬੰਧਨਾਂ ਅਨੁਸਾਰ ਰਾਜਵਿੰਦਰ ਕੌਰ ਸੰਧੂ ਨਾਂ ਦੀ ਕੁੜੀ ਨਾਲ ਹੋ ਗਿਆ।
ਉਪਨਾਮ ‘ਪਾਸ਼’
1967 ਵਿੱਚ ਪਾਸ਼ ਬਾਰਡਰ ਸਕਿਓਰਿਟੀ ਫੋਰਸ ਵਿੱਚ ਭਰਤੀ ਹੋ ਗਿਆ ਪਰ ਤਿੰਨ ਮਹੀਨਿਆਂ ’ਚ ਹੀ ਇਹ ਨੌਕਰੀ ਛੱਡ ਆਇਆ। ਜਲੰਧਰ ਛਾਉਣੀ ਵਿਖੇ ਜੈਨ ਹਾਈ ਸਕੂਲ ਤੋਂ ਨੌਂਵੀਂ ਜਮਾਤ ਪਾਸ ਕੀਤੀ। ਇੱਥੇ ਪਾਸ਼ ਦਾ ਇੱਕ ‘ਪ੍ਰਵੇਸ਼’ ਨਾਮ ਦੀ ਅਧਿਆਪਕਾ ਨਾਲ ਆਦਰਸ਼ਕ ਮੋਹ ਹੋ ਗਿਆ ਤੇ ਉਸ ਨੇ ਆਪਣਾ ਉਪਨਾਮ ‘ਪਾਸ਼’ ਵੀ ਇਸ ਅਧਿਆਪਕਾ ਦੇ ਨਾਮ ਦੇ ਪਹਿਲੇ ਤੇ ਆਖ਼ਰੀ ਅੱਖਰ ਨੂੰ ਜੋੜ ਕੇ ਬਣਾਇਆ। ਪਾਸ਼ ਸ਼ਬਦ ਫਾਰਸੀ ਭਾਸ਼ਾ ਦਾ ਹੈ ਅਤੇ ਇਸ ਦੇ ਅਰਥ ‘ਛਿੜਕਣ ਵਾਲੇ’ ਜਾਂ ‘ਫੈਲਾਉਣ ਵਾਲੇ’ ਹਨ।
ਸਾਹਿਤਕ ਸਮਾਂ
ਪਾਸ਼ ਦੀ ਜ਼ਿੰਦਗੀ ਦਾ 1972 ਤੋਂ 1975 ਤੱਕ ਦਾ ਸਮਾਂ ਸਾਹਿਤਕ/ਰਾਜਸੀ ਗਤੀਵਿਧੀਆਂ ਨਾਲ ਭਰਿਆ ਹੋਇਆ ਸੀ। 1972 ਵਿੱਚ ਪਾਸ਼ ਨੇ ਸਿਆੜ ਨਾਂ ਦਾ ਪਰਚਾ ਕੱਢਣਾ ਸ਼ੁਰੂ ਕੀਤਾ। ਇਸ ਵੇਲੇ ਉਸਨੂੰ ਮੋਗਾ-ਕਾਂਡ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। 1973 ਵਿੱਚ ‘ਸਿਆੜ’ ਪਰਚਾ ਬੰਦ ਹੋ ਗਿਆ ਅਤੇ 1974 ਵਿੱਚ ਪਾਸ਼ ਦੀ ਦੂਜੀ ਕਾਵਿ-ਪੁਸਤਕ ‘ਉੱਡਦੇ ਬਾਜ਼ਾਂ ਮਗਰ’ ਛਪੀ। ਮਈ 1974 ਵਿੱਚ ਹੋਈ ਰੇਲਵੇ ਹੜਤਾਲ ਦੌਰਾਨ ਪਾਸ਼ ਦੀ ਗ੍ਰਿਫ਼ਤਾਰੀ ਹੋਈ ਅਤੇ ਰਿਹਾਅ ਹੋ ਕੇ ‘ਹੇਮ ਜਯੋਤੀ’ ਦੀ ਸੰਪਾਦਕੀ ਕੀਤੀ। ਕੁਝ ਸਮਾਂ ‘ਦੇਸ-ਪ੍ਰਦੇਸ’ (ਲੰਡਨ) ਦਾ ਪੱਤਰ-ਪ੍ਰੇਰਕ ਰਿਹਾ ਅਤੇ ਇਸ ਸਮੇਂ ਪਾਸ਼ ਨੇ ਮਿਲਖਾ ਸਿੰਘ ਐਥਲੀਟ ਦੀ ‘ਸਵੈ-ਜੀਵਨੀ’ ‘ਫਲਾਇੰਗ ਸਿੱਖ’ ਲਿਖੀ।
ਅਵਤਾਰ ‘ਪਾਸ਼’ ਦੀਆਂ ਰਚਨਾਵਾਂ
ਲੋਹ ਕਥਾ
ਉੱਡਦੇ ਬਾਜ਼ਾਂ ਮਗਰ
ਸਾਡੇ ਸਮਿਆਂ ਵਿੱਚ
ਖਿਲਰੇ ਹੋਏ ਵਰਕੇ
ਸਭ ਤੋਂ ਖ਼ਤਰਨਾਕ (ਸੰਪੂਰਣ ਰਚਨਾ)
ਮਿਲੀਆਂ-ਜੁਲੀਆਂ ਕਵਿਤਾਵਾਂ : ਪਾਸ਼
ਪਾਸ਼ ਕਵਿਤਾ
ਨਜ਼ਮਾਂ
⟩ ਅਸੀਂ ਲੜਾਂਗੇ ਸਾਥੀ
⟩ ਆਪਣੀ ਅਸੁਰ ਖਿੱਤਾ ਚੋਂ
⟩ ਇੰਜ ਹੀ ਸਹੀ
⟩ ਇਨਕਾਰ
⟩ ਸਭ ਤੋਂ ਖ਼ਤਰਨਾਕ
⟩ ਹੱਦ ਤੋਂ ਬਾਅਦ
⟩ ਹੈ ਤਾਂ ਬੜਾ ਅਜੀਬ
⟩ ਗਲੇ ਸੜੇ ਫੁੱਲਾਂ ਦੇ ਨਾਂ
⟩ ਘਾਹ
⟩ ਬੱਸ ਕੁਝ ਪਲ਼ ਹੋਰ
⟩ ਮੇਰੀ ਮਾਂ ਦੀਆਂ ਅੱਖਾਂ
⟩ ਮੇਰੇ ਕੋਲ਼
⟩ ਰਾਤ ਨੂੰ
⟩ ਲੋਹਾ
⟩ ਵਿਸਥਾਪਣ
ਸਭ ਤੋਂ ਖ਼ਤਰਨਾਕ
ਪਾਸ਼ ਦੀ ਸਭ ਤੋਂ ਪ੍ਰਸਿੱਧ ਅਤੇ ਅਕਸਰ ਉਲੀਕੀ ਗਈ ਕਵਿਤਾ ਦਾ ਸਿਰਲੇਖ ਹੈ – ਸਬ ਤੋਂ ਖ਼ਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। 2005 ਵਿੱਚ, ਇਹ ਕਵਿਤਾ 11ਵੀਂ ਜਮਾਤ ਲਈ ਐੱਨ.ਸੀ.ਈ.ਆਰ.ਟੀ ਦੀ ਹਿੰਦੀ ਦੀ ਕਿਤਾਬ ਵਿੱਚ ਸ਼ਾਮਲ ਕੀਤੀ ਗਈ ਸੀ।
ਸਨਮਾਨ
1985 ਵਿੱਚ ਪੰਜਾਬੀ ਸਾਹਿਤ ਅਕਾਦਮੀ ਨੇ ਪਾਸ਼ ਨੂੰ 1 ਸਾਲ ਦੀ ਫੈੱਲੋਸ਼ਿੱਪ ਦਿੱਤੀ। ਪਾਸ਼ ਨੇ ਬਾਹਰਲੇ ਦੇਸ਼ਾਂ ਦੀਆਂ ਕਾਫ਼ੀ ਫੇਰੀਆਂ ਲਾਈਆਂ, 1986 ਵਿੱਚ ਉਹ ਅਮਰੀਕਾ ਦੀ ਫ਼ੇਰੀ ਉੱਤੇ ਗਿਆ ਸੀ।
ਅੰਤਿਮ ਸਮਾਂ
23 ਮਾਰਚ 1988 ਨੂੰ ਉਸ ਦੇ ਖੇਤ ਵਿੱਚ ਉਸਨੂੰ ਕਤਲ ਕਰ ਦਿੱਤਾ ਗਿਆ। ਇਤਫ਼ਾਕ ਨਾਲ 23 ਮਾਰਚ ਨੂੰ ਹੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਥਾਪਰ ਦਾ ਸ਼ਹੀਦੀ ਦਿਨ ਵੀ ਹੈ।ਇਨ੍ਹਾਂ ਇਨਕਲਾਬੀਆਂ ਨੂੰ ਅੰਗਰੇਜ਼ਾਂ ਨੇ, ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵੇਲੇ ਫ਼ਾਂਸੀ ਦੀ ਸਜ਼ਾ ਦੇ ਦਿੱਤੀ ਸੀ।