ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਜਨਮ 1933 ਈ. ਵਿੱਚ ਜਲੰਧਰ ਵਿੱਚ ਹੋਏ ਹਾਕੀ ਟੂਰਨਾਮੈਂਟ ਪਿੱਛੋਂ ਹੋਇਆ ਜਿਸ ਵਿੱਚ ਕਿਲ੍ਹਾ ਰਾਏਪੁਰ ਦੀ ਹਾਕੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਜਿੱਤ ਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅਰੰਭ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ।
86ਵੀਆਂ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ, ਜਿਨ੍ਹਾਂ ਨੂੰ ਪੰਜਾਬ ਦਾ ਮਾਣ ਮੰਨਿਆ ਜਾਂਦਾ ਹੈ, ਕਿਲ੍ਹਾ ਰਾਏਪੁਰ ਪੰਜਾਬ ਲੁਧਿਆਣੇ ਜ਼ਿਲ੍ਹੇ ਦਾ ਇੱਕ ਮਸ਼ਹੂਰ ਪਿੰਡ ਹੈ। ਇਹ ਪੇਂਡੂ ਉਲੰਪਿਕ ਵਜੋਂ ਮਸ਼ਹੂਰ ਸਾਲਾਨਾ ਖੇਡਾਂ ਕਰਵਾਉਣ ਲਈ ਜਾਣਿਆ ਜਾਂਦਾ ਹੈ। ਇਹ ਲੁਧਿਆਣਾ ਸਿਟੀ ਤੋਂ 19 ਕਿਲੋਮੀਟਰ ਦੂਰ ਲੁਧਿਆਣਾ ਮਾਲੇਰਕੋਟਲਾ ਰੇਲਵੇ ਲਾਈਨ ‘ਤੇ ਪੈਂਦਾ ਹੈ।
2014 ਵਿੱਚ ਸੁਪਰੀਮ ਕੋਰਟ ਵੱਲੋਂ ਬੈਲ ਗੱਡੀਆਂ ਦੀਆਂ ਦੌੜਾਂ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਇਨ੍ਹਾਂ ਦੌੜਾਂ ਨੂੰ ਰੋਕ ਦਿੱਤਾ ਗਿਆ ਸੀ। ਹਾਲਾਂਕਿ, ਪੰਜਾਬ ਸਰਕਾਰ ਨੇ ਹੁਣ ਕਾਨੂੰਨੀ ਨਿਯਮਾਂ ਅਤੇ ਨਵੇਂ ਨਿਯਮਾਂ ਤਹਿਤ ਇਨ੍ਹਾਂ ਦੌੜਾਂ ਨੂੰ ਦੁਬਾਰਾ ਹਰੀ ਝੰਡੀ ਦੇ ਦਿੱਤੀ ਹੈ। ਇਸ ਸਾਲ ਦਾ ਮੇਲਾ ਖ਼ਾਸ ਤੌਰ ‘ਤੇ ਇਤਿਹਾਸਕ ਹੈ ਕਿਉਂਕਿ ਲਗਭਗ 12 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ 17 ਫਰਵਰੀ 2026 ਨੂੰ ਸ਼ੁਰੂ ਹੋਈਆਂ। ਇਸ ਮੇਲੇ ਦਾ ਦਿਲ ਮੰਨੀ ਜਾਂਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਦੁਬਾਰਾ ਸ਼ੁਰੂ ਹੋ ਗਈਆਂ ਹਨ।
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਪੁਰਾਤਨ ਖੇਡਾਂ ਜਿਵੇਂ ਕਿ ਸੁਹਾਗਾ ਦੌੜਾਂ, ਮੂੰਗਲੀਆਂ ਫੇਰਨੀਆਂ, ਮਿੱਟੀ ਦੀਆਂ ਬੋਰੀਆਂ ਚੁੱਕਣਾ, ਵੱਛਾ ਚੁੱਕਣਾ, ਗੱਧਾ ਚੁੱਕਣਾ, ਦੰਦਾਂ ਨਾਲ ਟ੍ਰੈਕਟਰ ਖਿੱਚਣਾ, ਲੇਟ ਕੇ ਸਰੀਰ ਉੱਤੇ ਟ੍ਰੈਕਟਰ ਚੜ੍ਹਾਉਣਾ, ਕੰਨਾਂ ਨਾਲ ਟ੍ਰੈਕਟਰ ਖਿੱਚਣਾ, ਦੰਦਾਂ ਨਾਲ ਇੱਕ ਮਣ ਵਜ਼ਨ ਚੁੱਕਣਾ, ਬਜ਼ੁਰਗਾਂ ਦੀ ਦੌੜ, ਕੁੱਤਿਆਂ ਦੀ ਦੌੜ, ਘੋੜੀਆਂ ਦਾ ਨਾਚ, ਬਲਦਾਂ ਦਾ ਮੰਜੀਆਂ ਟੱਪਣਾ, ਪੱਥਰ ਚੁੱਕਣਾ, ਨਿਹੰਗ ਸਿੰਘਾਂ ਦੇ ਜੌਹਰ, ਟਰਾਈ ਸਾਈਕਲ ਦੌੜ, ਦੰਦਾਂ ਨਾਲ ਹਲ ਚੁੱਕਣਾ, ਕਬੂਤਰਾਂ ਦੀਆਂ ਉਡਾਣਾਂ, ਖੱਚਰ ਦੌੜਾਂ, ਹਾਥੀਆਂ ਦੀਆਂ ਦੌੜਾਂ ਆਦਿ ਖੇਡਾਂ ਖਿਡਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਹਾਕੀ ਦੇ ਮੈਚ ਲੜਕੀ ਅਤੇ ਲੜਕੀਆਂ, ਸ਼ੋਟ ਪੁੱਟ ਲੜਕੇ ਅਤੇ ਲੜਕੀਆਂ, ਕਬੱਡੀ ਲੜਕੀ ਅਤੇ ਲੜਕੀਆਂ, 100 ਮੀਟਰ ਲਾਈਟ ਲੜਕੇ ਅਤੇ ਲੜਕੀਆਂ, ਉੱਚੀ ਛਾਲ ਲੜਕੀਆਂ ਤੇ ਲੜਕੀਆਂ, ਬੈਲ ਗੱਡੀਆਂ ਦੀਆਂ ਦੌੜਾਂ
1500 ਮੀਟਰ ਲੜਕੀ ਅਤੇ ਲੜਕੀਆਂ, 400 ਮੀਟਰ ਦੀਆਂ ਦੌੜਾਂ, 60 ਮੀਟਰ ਦੀ ਦੌੜਾਂ ਸਕੂਲੀ ਵਿਦਿਆਰਥੀਆਂ ਦੀਆਂ ਅਤੇ ਰੱਸਾ ਕੱਸੀ ਲੜਕੇ ਅਤੇ ਲੜਕੀਆਂ ਵੀ ਖੇਡੀਆਂ ਜਾਂਦੀਆਂ ਹਨ।
ਖੇਡ ਮੇਲੇ ਵਿੱਚ ਕੁੜੀਆਂ ਦੇ ਮੁਕਾਬਲੇ ਪਹਿਲੀ ਵਾਰੀ
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਕੁੜੀਆਂ ਦੁਆਰਾ ਭਾਗ ਨਾ ਲੈਣ ਦੀ ਕਮੀ ਨੂੰ ਮਹਿਸੂਸ ਕਰਦੇ ਹੋਏ 1950 ਵਿੱਚ ਪਹਿਲੀ ਵਾਰ ਲੁਧਿਆਣਾ ਅਤੇ ਸਿੱਧਵਾਂ ਵਿਚਾਲੇ ਕੁੜੀਆਂ ਦਾ ਇੱਕ ਹਾਕੀ ਮੈਚ ਕਰਵਾਇਆ ਗਿਆ। ਇਸ ਖੇਡ ਮੇਲੇ ਵਿੱਚ ਕੁੜੀਆਂ ਦੇ ਭਾਗ ਲੈਣ ਉੱਤੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦੇ ਬਾਵਜੂਦ 1953 ਈ. ਵਿਚ ਸੰਪੂਰਨ ਤੌਰ ‘ਤੇ ਕੁੜੀਆਂ ਦੀਆਂ ਖੇਡਾਂ ਸ਼ੁਰੂ ਕੀਤੀਆਂ ਗਈਆਂ।
ਮੇਲੇ ਵਿੱਚ ਨਵੀਨ ਖੇਡਾਂ ਖੇਡੀਆਂ
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਵਿੱਚ ਨਵੀਨ ਖੇਡਾਂ ਵਿੱਚ ਅਥਲੈਟਿਕਸ, ਹਾਕੀ, ਕਬੱਡੀ, ਵਾਲੀਬਾਲ, ਨਿਸ਼ਾਨੇਬਾਜ਼ੀ, ਗੱਤਕਾ ਤੇ ਜਿਮਨਾਸਟਿਕ ਮੁਕਾਬਲੇ ਕਰਵਾਏ ਜਾਂਦੇ ਹਨ। ਪੈਰਾ ਗਲਾਈਡਿੰਗ ਸ਼ੋਅ ਇਸ ਖੇਡ ਮੇਲੇ ਦੀ ਖਾਸ ਖਿੱਚ ਹੈ।
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀਆਂ ਵਿਸ਼ੇਸ਼ਤਾਵਾਂ
ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਨੇ ਅਨੇਕ ਹੀ ਉਲੰਪਿਅਨ, ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਦੇਸ਼ ਨੂੰ ਦਿੱਤੇ ਹਨ। ਇਨ੍ਹਾਂ ਵਿੱਚ ਹਾਕੀ ਦੇ ਸੁਖਵੀਰ ਸਿੰਘ ਗਰੇਵਾਲ, ਜਗਨਿੰਦਰ ਸਿੰਘ, ਬਾਲ ਕ੍ਰਿਸ਼ਨ ਗਰੇਵਾਲ ਅਤੇ ਸੁਰਜੀਤ ਸਿੰਘ ਗਰੇਵਾਲ, ਐਥਲੈਟਿਕਸ ਵਿਚ ਹਰਭਜਨ ਸਿੰਘ ਗਰੇਵਾਲ ਆਦਿ ਖਿਡਾਰੀ ਪ੍ਰਸਿੱਧ ਹਨ। ਇਹ ਖੇਡ ਮੇਲਾ ਅਨੇਕਾਂ ਹੀ ਖਿਡਾਰੀਆਂ ਦਾ ਮਾਰਗ ਦਰਸ਼ਨ ਕਰ ਰਿਹਾ ਹੈ।
ਮਹਾਨ ਹਸਤੀਆਂ ਦਾ ਮੇਲਾ ਵੇਖਣ ਆਉਣਾ
ਇਸ ਖੇਡ ਮੇਲੇ ’ਚ ਹਾਕੀ ਦੇ ਜਾਦੂਗਰ ਧਿਆਨ ਚੰਦ, ਬਲਬੀਰ ਸਿੰਘ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਤੇ ਸੁਰਜੀਤ ਸਿੰਘ ਵਰਗੇ ਪ੍ਰਸਿੱਧ ਖਿਡਾਰੀ ਆਪਣੀ ਖੇਡ ਦੇ ਜੌਹਰ ਵਿਖਾਉਂਦੇ ਰਹੇ। ਓਲੰਪੀਅਨ ਕਰਨਲ ਗੁਰਚਰਨ ਸਿੰਘ ਤਾਂ ਕਿਲ੍ਹਾ ਰਾਏਪੁਰ ਦਾ ਹੀ ਸੀ। ਦੇਸ਼ ਭਰ ’ਚੋਂ ਚੋਟੀ ਦੇ ਅਥਲੀਟ ਇੱਥੇ ਟਰੈਕ ’ਚ ਦੌੜਦੇ ਰਹੇ। ਮਿਲਖਾ ਸਿੰਘ ਤੇ ਮੱਖਣ ਸਿੰਘ ਆਏ, ਪ੍ਰਦੁੱਮਣ ਸਿੰਘ ਆਇਆ, ਬਲਕਾਰ ਸਿੰਘ , ਗੁਰਬਚਨ ਸਿੰਘ ਰੰਧਾਵਾ ਤੇ ਪਰਵੀਨ ਕੁਮਾਰ ਵੀ, ਇੱਥੇ ਕੁਸ਼ਤੀਆਂ ਭਾਵੇਂ ਨਹੀਂ ਹੋਈਆਂ ਪਰ ਪਹਿਲਵਾਨ ਦਾਰਾ ਸਿੰਘ ਤੋਂ ਲੈ ਕੇ ਕਰਤਾਰ ਸਿੰਘ ਤੱਕ ਸਭ ਦਰਸ਼ਨ ਦਿੰਦੇ ਰਹੇ। ਜਿਵੇਂ ਪੰਜਾਬੀ ਮੂਲ ਦੇ ਹਰਗੋਬਿੰਦ ਖੁਰਾਣੇ ਨੇ ਅਮਰੀਕਾ ਜਾ ਕੇ ਨੋਬੇਲ ਪੁਰਸਕਾਰ ਜਿੱਤਿਆ ਉਵੇਂ ਨਾਰੰਗਵਾਲ ਦੇ ਅਲੈਕਸੀ ਸਿੰਘ ਗਰੇਵਾਲ ਨੇ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ’ਚੋਂ ਸਾਈਕਲ ਦੌੜ ’ਚ ਸੋਨੇ ਦਾ ਤਮਗ਼ਾ ਜਿੱਤਿਆ। ਅਲੈਕਸੀ ਸਿੰਘ 4 ਫਰਵਰੀ 2018 ਨੂੰ ਕਿਲਾ ਰਾਏਪੁਰ ਦਾ 82ਵਾਂ ਖੇਡ ਮੇਲਾ ਵੇਖਣ ਆਇਆ। 1953 ਵਿੱਚ ਪਾਕਿਸਤਾਨੀ ਪੰਜਾਬ ਦੀ ਕਬੱਡੀ ਟੀਮ ਕਿਲ੍ਹਾ ਰਾਏਪੁਰ ਆਈ ਅਤੇ ਸੰਨ 1970 ’ਚ ਇੰਗਲੈਂਡ ਦੀ ਕਬੱਡੀ ਦੀ ਟੀਮ ਇੱਥੇ ਢੁੱਕੀ ਸੀ। ਮਾਡਰਨ ਭੰਗੜੇ ਦਾ ਬਾਨੀ ਮਨੋਹਰ ਦੀਪਕ ਇੱਥੋਂ ਦੀਆਂ ਖੇਡਾਂ ’ਚ ਭੰਗੜਾ ਪਾਉਂਦਾ ਫ਼ਿਲਮਕਾਰਾਂ ਦੀ ਨਜ਼ਰੀਂ ਚੜ੍ਹਿਆ ਸੀ। ਸਾਧੂ ਸਿੰਘ ਹਮਦਰਦ, ਅਮਰ ਸਿੰਘ ਦੁਸਾਂਝ ਤੇ ਐੱਮ.ਐੱਲ. ਕਪੂਰ ਵਰਗੇ ਪੱਤਰਕਾਰ ਇਹ ਖੇਡਾਂ ਵੇਖਦੇ ਤੇ ਅਖ਼ਬਾਰਾਂ ’ਚ ਜ਼ਿਕਰ ਕਰਦੇ। ਇੱਥੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਸ਼ਿਵ ਕੁਮਾਰ ਮਸਹੂਰ ਹਸਤੀਆਂ ਦਾ ਵੀ ਆਉਣਾ ਹੋਇਆ।
ਆਖਿਆ ਜਾਂਦਾ ਹੈ ਕਿ ਜਿਸਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨਹੀਂ ਵੇਖੀਆਂ ਉਹਨੇ ਅਜੇ ਖੇਡਾਂ ਵੇਖੀਆਂ ਹੀ ਨਹੀਂ। ਇਨ੍ਹਾਂ ਖੇਡਾਂ ਨੇ ਪੰਜਾਬ ’ਚ ਸੈਂਕੜੇ ਖੇਡ ਮੇਲਿਆਂ ਨੂੰ ਜਾਗ ਲਾਈ, ਜਿਵੇਂ ਕਬੱਡੀ ਨੂੰ ਪੰਜਾਬੀਆਂ ਦੀ ਮਾਂ ਖੇਡ ਕਿਹਾ ਜਾਂਦਾ ਹੈ ਉਵੇਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਨੂੰ ਪੰਜਾਬ ਦੇ ਖੇਡ ਮੇਲਿਆਂ ਦੀ ਮਾਂ ਕਿਹਾ ਜਾ ਸਕਦਾ ਹੈ।
