ਸਰਕਾਰ ਨੇ ਨਵੇਂ ਮਾਲਵਾ ਕੈਨਾਲ ਪ੍ਰਾਜੈਕਟ ਦੀ ਤਜਵੀਜ਼ ਰੱਖੀ, ਚਾਰ ਜ਼ਿਲ੍ਹਿਆਂ ਦੇ ਲਗਭਗ 1,78,000 ਏਕੜ ਰਕਬੇ ਨੂੰ ਮਿਲੇਗਾ ਲਾਭ

ਸਿੰਜਾਈ ਸਹੂਲਤਾਂ ਨੂੰ ਪਹਿਲ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਤੋਂ ਸੇਧ ਲੈ ਕੇ ਸਰਕਾਰ ਨੇ ਇੱਕ ਨਵੇਂ ਮਾਲਵਾ ਕੈਨਾਲ ਪ੍ਰਾਜੈਕਟ ਦੀ ਤਜਵੀਜ਼ ਰੱਖੀ ਹੈ। ਇਸ ਪਹਿਲਕਦਮੀ ਦਾ ਟੀਚਾ ਲਗਭਗ 1,78,000 ਏਕੜ ਨੂੰ ਕਵਰ ਕਰਨਾ ਹੈ, ਜਿਸ ਨਾਲ ਬਠਿੰਡਾ, ਫ਼ਰੀਦਕੋਟ, ਫ਼ਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਨੂੰ ਲਾਭ ਹੋਵੇਗਾ। ਇਸ ਪ੍ਰਾਜੈਕਟ ਦਾ ਉਦੇਸ਼ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਨੂੰ ਘਟਾਉਣਾ ਅਤੇ ਹਾੜ੍ਹੀ ਦੇ ਸਮੇਂ ਦੌਰਾਨ ਬਿਆਸ-ਸਤਲੁਜ ਦਰਿਆ ਦੇ ਪਾਣੀ ਦੀ ਘੱਟ ਵਰਤੋਂ ਵਾਲੇ ਪੰਜਾਬ ਦੇ ਹਿੱਸੇ ਨੂੰ ਅਨੁਕੂਲ ਬਣਾਉਣਾ ਹੈ।

ਨਹਿਰੀ ਨੈੱਟਵਰਕ ਲਈ 2,107 ਕਰੋੜ ਰੁਪਏ ਦਾ ਬਜਟ

ਸੂਬੇ ਵਿੱਚ ਨਹਿਰੀ ਨੈੱਟਵਰਕ ਨੂੰ ਵਧੇਰੇ ਮਜ਼ਬੂਤ ਕਰਨ ਲਈ ਵਿੱਤੀ ਸਾਲ 2024-25 ਲਈ ਸਰਕਾਰ ਨੇ 2,107 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜੋ ਦਰਸਾਉਂਦਾ ਹੈ ਕਿ ਸਰਕਾਰ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵਚਨਬੱਧ ਹੈ, ਉੱਥੇ ਕਿਸਾਨਾਂ ਲਈ ਸਿੰਜਾਈ ਦੇ ਸਥਾਈ ਅਤੇ ਦੀਰਘਕਾਲੀ ਪ੍ਰਬੰਧ ਕਰਨ ਲਈ ਤਤਪਰ ਹੈ।

ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਵਿੱਚ ਜਲ ਭੰਡਾਰ ਕਰਨ ਦੀ ਪ੍ਰਕਿਰਿਆ ਸ਼ੁਰੂ

ਸਰਕਾਰ ਨੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਸ਼ਾਹਪੁਰ ਕੰਢੀ ਡੈਮ ਪ੍ਰਾਜੈਕਟ ਵਿੱਚ ਜਲ ਭੰਡਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਨਾਲ 37,173 ਹੈਕਟੇਅਰ ਦੀ ਵਾਧੂ ਸਿੰਜਾਈ ਸਮਰੱਥਾ ਪੈਦਾ ਹੋਵੇਗੀ ਅਤੇ ਨਾਲ ਹੀ ਯੂ.ਬੀ.ਡੀ.ਸੀ. ਪ੍ਰਣਾਲੀ ਅਧੀਨ 1.18 ਲੱਖ ਹੈਕਟੇਅਰ ਖੇਤਰ ਭਾਵ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਪਠਾਨਕੋਟ ਵਿੱਚ ਸਿੰਜਾਈ ਹੋ ਸਕੇਗੀ। 206 ਮੈਗਾਵਾਟ ਦੀ ਸਥਾਪਿਤ ਸਮਰੱਥਾ ਵਾਲਾ ਹਾਈਡਲ ਪਾਵਰ ਪਲਾਂਟ ਛੇਤੀ ਪੂਰਾ ਹੋ ਜਾਵੇਗਾ।

ਜ਼ਮੀਨਦੋਜ਼ ਪਾਈਪਲਾਈਨਾਂ ਵਿਛਾਉਣ ਲਈ 194 ਕਰੋੜ ਰੁਪਏ ਦਾ ਬਜਟ

ਸਰਕਾਰ ਧਰਤੀ ਹੇਠਲੇ ਘੱਟ ਰਹੇ ਪਾਣੀ ਦੀ ਸਮੱਸਿਆ ਪ੍ਰਤੀ ਸੁਚੇਤ ਹੈ। ਇਸ ਲਈ ਕਿਸਾਨਾਂ ਨੂੰ ਸਿੰਜਾਈ ਲਈ ਜ਼ਮੀਨਦੋਜ਼ ਪਾਈਪਲਾਈਨਾਂ ਵਿਛਾਉਣ ਹਿੱਤ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ 194 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਪਲੱਬਧ ਜ਼ਮੀਨੀ ਅਤੇ ਧਰਤੀ ਹੇਠਲੇ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ ਸਰਕਾਰ ਵੱਲੋਂ ਖੇਤਾਂ ਵਿੱਚ ਵੱਖ-ਵੱਖ ਜਲ ਸੰਭਾਲ ਤਕਨੀਕਾਂ ਜਿਵੇਂ ਨੇਤਾ ਸੂਖਮ ਸਿੰਜਾਈ ਅਤੇ ਧਰਤੀ ਹੇਠ ਪਾਈਪਲਾਈਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਹੜ੍ਹਾਂ ਤੋਂ ਬਚਾਅ ਲਈ ਅਹਿਮ ਉਪਰਾਲੇ

ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਘੱਟ ਕਰਨ ਲਈ ਸਰਕਾਰ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਲਗਭਗ 3,461 ਕਿਲੋਮੀਟਰ ਡਰੇਨਾਂ ਦੇ ਸਫ਼ਾਈ ਕਾਰਜਾਂ ਅਤੇ ਜ਼ਮੀਨੀ ਪੱਧਰ ‘ਤੇ 68 ਹੜ੍ਹ ਸੁਰੱਖਿਆ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ 100 ਕਰੋੜ ਰੁਪਏ ਅਲਾਟ ਕੀਤੇ ਗਏ। ਇਸ ਤੋਂ ਇਲਾਵਾ ਲਗਾਤਾਰ ਮੀਂਹ ਅਤੇ ਹੜ੍ਹਾਂ ਦੇ ਪਾਣੀ ਕਾਰਨ ਵੱਡੀਆਂ ਨਦੀਆਂ ਵਿੱਚ ਪਾੜ ਨੂੰ ਦੂਰ ਕਰਨ ਲਈ 192 ਕਰੋੜ ਰੁਪਏ ਖ਼ਰਚ ਕੀਤੇ ਗਏ।

Leave a Reply

Your email address will not be published. Required fields are marked *