ਐਂਟੀ-ਡਰੋਨ ਤਕਨਾਲੋਜੀ

ਅੱਜ ਦੇ ਤੇਜ਼ੀ ਨਾਲ ਬਦਲ ਰਹੇ ਯੁੱਗ ਵਿੱਚ ਜਿੱਥੇ ਡਰੋਨ ਸਹੂਲਤ ਅਤੇ ਸਹਾਇਤਾ ਦੇ ਹਥਿਆਰ ਬਣ ਚੁੱਕੇ ਹਨ, ਉੱਥੇ ਹੀ ਇਹ ਖਤਰੇ ਦਾ ਸਰੋਤ ਵੀ ਬਣ ਰਹੇ ਹਨ। ਡਰੋਨ ਦਾ ਗਲਤ ਉਪਯੋਗ ਕਰਕੇ ਜਾਸੂਸੀ, ਸਰਹੱਦੀ ਘੁਸਪੈਠ ਆਦਿ ਵਰਗੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਇਨ੍ਹਾਂ ਖ਼ਤਰਨਾਕ ਹਮਲਿਆਂ ਤੋਂ ਬਚਣ ਲਈ ਐਂਟੀ-ਡਰੋਨ ਤਕਨਾਲੋਜੀ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ।

ਐਂਟੀ-ਡਰੋਨ ਤਕਨਾਲੋਜੀ ਕੀ ਹੈ ?

ਐਂਟੀ-ਡਰੋਨ ਤਕਨਾਲੋਜੀ ਇੱਕ ਅਜਿਹੀ ਤਕਨੀਕ ਹੈ ਜੋ ਅਣਚਾਹੇ ਜਾਂ ਸੰਦਿਗਧ ਡਰੋਨਾਂ ਨੂੰ ਪਹਿਚਾਨਣ, ਟਰੈਕ ਕਰਨ ਅਤੇ ਨਿਯੰਤਰਿਤ ਕਰਨ ਦੇ ਯੋਗ ਹੁੰਦੀ ਹੈ। ਇਹ ਤਕਨਾਲੋਜੀ ਡੀਫੈਂਸ ਵੱਲੋਂ ਵਰਤੀ ਜਾਂਦੀ ਹੈ। ਇਸ ਦਾ ਉਦੇਸ਼ ਜਾਸੂਸੀ, ਬੰਬ ਹਮਲੇ ਜਾਂ ਕਿਸੇ ਹੋਰ ਅਪਰਾਧਿਕ ਗਤੀਵਿਧੀ ਨੂੰ ਰੋਕਣਾ ਹੁੰਦਾ ਹੈ ਜੋ ਡਰੋਨ ਰਾਹੀਂ ਕੀਤੀ ਜਾ ਸਕਦੀ ਹੈ ਜਾ ਕੀਤੀ ਜਾਂਦੀ ਹੈ।

ਇਹ ਤਕਨਾਲੋਜੀ ਕਿਵੇਂ ਕੰਮ ਕਰਦੀ ਹੈ ?

ਐਂਟੀ-ਡਰੋਨ ਸਿਸਟਮ ਵਿੱਚ ਕਈ ਤਕਨੀਕੀ ਹਿੱਸੇ ਸ਼ਾਮਲ ਹੁੰਦੇ ਹਨ:

ਡਿਟੈਕਸ਼ਨ (ਪਹਿਚਾਣ) –ਇਸ ਰਾਹੀਂ ਰਡਾਰ , ਰੇਡੀਓ ਫ੍ਰੀਕੁਐਂਸੀ, ਐਕੌਸਟਿਕ ਸੈਂਸਰ ਅਤੇ ਵਿਜ਼ੂਅਲ ਕੈਮਰਿਆਂ ਦੀ ਵਰਤੋਂ ਕਰਕੇ ਡਰੋਨ ਦੀ ਮੌਜੂਦਗੀ ਦਾ ਪਤਾ ਲਗਾਇਆ ਜਾਂਦਾ ਹੈ।

ਆਈਡੈਂਟੀਫਿਕੇਸ਼ਨ (ਪਹਿਚਾਣ ਕਰਨਾ) – ਇਸ ਤਕਨਾਲੋਜੀ ਦੀ ਵਰਤੋਂ ਕਰਕੇ ਪਤਾ ਲਗਾਇਆ ਜਾਂਦਾ ਹੈ ਕਿ ਡਰੋਨ ਕਾਨੂੰਨੀ ਤੌਰ ‘ਤੇ ਉੱਡਾਇਆ ਗਿਆ ਹੈ ਜਾਂ ਨਹੀਂ ਅਤੇ ਕੀ ਇਹ ਕੋਈ ਖਤਰਾ ਹੋ ਸਕਦਾ ਹੈ ?

ਨਿਯੰਤਰਣ ਜਾਂ ਰੋਕਥਾਮ – ਜੇਕਰ ਡਰੋਨ ਸੰਦਿਗਧ ਪਾਇਆ ਜਾਂਦਾ ਹੈ, ਤਾਂ ਉਸ ਦੀ ਰੇਡੀਓ ਫ੍ਰੀਕੁਐਂਸੀ ਨੂੰ ਜਾਮ ਕਰਕੇ ਉਸਦੇ ਕੰਟਰੋਲਰ ਨਾਲ ਸੰਪਰਕ ਤੋੜ ਦਿੱਤਾ ਜਾਂਦਾ ਹੈ। ਕੁਝ ਤਕਨਾਲੋਜੀਆਂ ਡਰੋਨ ਨੂੰ ਹਾਈਜੈਕ ਕਰਕੇ ਸੁਰੱਖਿਅਤ ਥਾਂ ‘ਤੇ ਵੀ ਲੈਂਡ ਕਰਵਾ ਦਿੰਦੀਆਂ ਹਨ।

ਐਂਟੀ-ਡਰੋਨ ਤਕਨਾਲੋਜੀ ਦੀਆਂ ਮੁੱਖ ਕਿਸਮਾਂ

ਜੈਮਿੰਗ ਸਿਸਟਮ – ਇਹ ਰੇਡੀਓ ਸਿਗਨਲ ਨੂੰ ਜਾਮ ਕਰਦੇ ਹਨ ਜਿਸ ਨਾਲ ਡਰੋਨ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ।

ਡ੍ਰੋਨ ਗਨਜ਼ – ਇਹ, ਹਥਿਆਰ ਆਕਾਰ, ਦੀ ਡਿਵਾਈਸ ਹੁੰਦੀ ਹੈ ਜੋ ਡਰੋਨ ਉੱਤੇ ਇਲੈਕਟ੍ਰੋਨਿਕ ਪਲਸ ਜਾਂ ਆਰ.ਐੱਫ ਸਿਗਨਲ ਚਲਾ ਕੇ ਉਸਦਾ ਕੰਟਰੋਲ ਖ਼ਤਮ ਕਰ ਦਿੰਦੀ ਹੈ।

ਰਡਾਰ ਅਤੇ ਕੈਮਰਾ ਬੇਸਡ ਡਿਟੈਕਸ਼ਨ – ਇਸ ਕਿਸਮ ਵਾਲੇ ਡਰੋਨ ਵਿਸ਼ੇਸ਼ ਤੌਰ ‘ਤੇ ਭੀੜ ਵਾਲੇ ਇਲਾਕਿਆਂ ਜਾਂ ਸੰਵੇਦਨਸ਼ੀਲ ਇਮਾਰਤਾਂ ਲਈ ਵਰਤੇ ਜਾਂਦੇ ਹਨ।

ਹੌਂਕਿੰਗ ਸਿਸਟਮ – ਕੁਝ ਦੇਸ਼ ਜਿਵੇਂ ਨੀਦਰਲੈਂਡ ਆਦਿ ਵਿੱਚ ਬਾਜ਼ ਜਾਂ ਪੰਛੀਆਂ ਦੀ ਵਰਤੋਂ ਕਰਕੇ ਡਰੋਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਭੁਲੇਖਾ ਪਾਉਣ ਦਾ ਸਰਲ ਤਰੀਕਾ ਮੰਨਿਆ ਜਾਂਦਾ ਹੈ।

ਭਾਰਤ ਵਿੱਚ ਐਂਟੀ-ਡਰੋਨ ਸਿਸਟਮ

ਭਾਰਤ ਵਿੱਚ ਐਂਟੀ-ਡਰੋਨ ਤਕਨਾਲੋਜੀ ਦੀ ਲੋੜ ਪਿਛਲੇ ਕੁਝ ਸਾਲਾਂ ਵਿੱਚ ਵੱਧ ਗਈ ਹੈ, ਖਾਸ ਕਰਕੇ ਸਰਹੱਦੀ ਇਲਾਕਿਆਂ ਵੱਲੋਂ ਕੁਝ ਘਟਨਾਵਾਂ ਤੋਂ ਬਾਅਦ। ਡੀ.ਆਰ.ਡੀ.ਓ ਨੇ ਵੀ ਇੱਕ ਐਂਟੀ-ਡਰੋਨ ਸਿਸਟਮ ਵਿਕਸਤ ਕੀਤਾ ਹੈ ਜੋ ਕਿ ਲਗਭਗ 3 ਕਿਲੋਮੀਟਰ ਆਦਿ ਤੱਕ ਡਰੋਨ ਨੂੰ ਟਰੈਕ ਅਤੇ ਡਿਸਰਪਟ ਕਰ ਸਕਦਾ ਹੈ।

ਭਵਿੱਖ ਦੀ ਰਾਹਦਾਰੀ

ਐਂਟੀ-ਡਰੋਨ ਤਕਨਾਲੋਜੀ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ) ਜਿਵੇਂ ਮਸ਼ੀਨ ਲਰਨਿੰਗ ਅਤੇ ਨੈਚੂਰਲ ਲੈਂਗੂਇਜ ਪ੍ਰੋਸੈਸਿੰਗ ਦੇ ਇੱਕਠੇ ਹੋਣ ਨਾਲ ਇਹ ਹੋਰ ਵੀ ਸਹੀ, ਤੇਜ਼ ਅਤੇ ਪ੍ਰਭਾਵਸ਼ਾਲੀ ਬਣ ਰਹੀ ਹੈ। ਭਵਿੱਖ ਵਿੱਚ ਇੱਕ ਅਜਿਹਾ ਸਿਸਟਮ ਆ ਸਕਦਾ ਹੈ ਜੋ ਆਪਣੇ ਆਪ ਡਰੋਨ ਦੀ ਪਹਿਚਾਣ, ਉਸਦੇ ਇਰਾਦਿਆਂ ਦੀ ਪੜਤਾਲ ਕਰਨ ਉਪਰੰਤ,ਐਂਟੀ-ਡਰੋਨ ਤਕਨਾਲੋਜੀ ਉਸ ਦੇ ਉਚਿੱਤ ਨਿਪਟਾਰੇ ਦਾ ਫ਼ੈਸਲਾ ਲੈ ਸਕੇ।

ਭਾਰਤ ਦਾ ਐੱਸ- 400

ਜੇਕਰ ਐੱਸ-400 ਦੀ ਗੱਲ ਕੀਤੀ ਜਾਵੇ ਤਾਂ ਇਹ ਡਰੋਨ ਨੂੰ ਨਿਸ਼ਾਨਾ ਬਣਾ ਸਕਦਾ ਹੈ ਪਰ ਇਹ ਖ਼ਾਸ ਤੌਰ ‘ਤੇ ਇੱਕ ਐਂਟੀ -ਡਰੋਨ ਸਿਸਟਮ ਨਹੀਂ ਹੈ, ਇਹ ਡਰੋਨ ਨੂੰ ਸਿੱਟ ਸਕਦਾ ਹੈ। ਇਹ ਇੱਕ ਮਲਟੀ-ਲੇਅਰਡ ਏਅਰ ਡਿਫੈਂਸ ਸਿਸਟਮ ਹੈ ਜੋ ਕਈ ਕਿਸਮ ਦੇ ਹਵਾਈ ਖ਼ਤਰਿਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ, ਜਿਵੇਂ ਕਿ:

. ਡਰੋਨ

. ਲੜਾਕੂ ਜਹਾਜ਼

. ਕਰੂਜ਼ ਮਿਸਾਈਲਾਂ

. ਬਾਲਿਸਟਿਕ ਮਿਸਾਈਲਾਂ

ਇਹ ਲੰਮੇ ਅਤੇ ਛੋਟੇ ਰੇਂਜ ਵਾਲੀਆਂ ਮਿਸਾਈਲਾਂ ਦੀ ਵਰਤੋਂ ਕਰਦਾ ਹੈ ਜੋ ਵੱਡੇ ਜਾਂ ਤੇਜ਼ ਡਰੋਨਾਂ ਨੂੰ ਨਿਸ਼ਾਨਾ ਬਣਾ ਸਕਦੀਆਂ ਹਨ।

ਨਤੀਜਾ

ਜਿਵੇਂ-ਜਿਵੇਂ ਡਰੋਨ ਦੀ ਵਰਤੋਂ ਵਧ ਰਹੀ ਹੈ, ਇਸ ਐਂਟੀ-ਡਰੋਨ ਤਕਨਾਲੋਜੀ ਦੀ ਮਹੱਤਤਾ ਵੀ ਵਧ ਰਹੀ ਹੈ। ਇਹ ਸਿਰਫ਼ ਇੱਕ ਸੁਰੱਖਿਆ ਟੂਲ ਨਹੀਂ, ਬਲਕਿ ਇੱਕ ਜ਼ਰੂਰਤ ਵੀ ਬਣ ਚੁੱਕੀ ਹੈ। ਭਵਿੱਖ ਦੀ ਸੁਰੱਖਿਆ ਲਈ ਇਹ ਜ਼ਰੂਰੀ ਹੈ ਕਿ ਇਨ੍ਹਾਂ ਤਕਨੀਕਾਂ ਵਿੱਚ ਨਿਰੰਤਰ ਨਵੀਨਤਾ ਅਤੇ ਤੇਜ਼ ਗਤੀ ਨਾਲ ਹਮਲੇ ਨੂੰ ਵੀ ਰੋਕਣ ਲਈ ਵਿਕਸਤ ਕੀਤਾ ਜਾਵੇ।

ਐਂਟੀ-ਡਰੋਨ ਸੁਰੱਖਿਆ ਅੱਜ ਦੀ ਨਹੀਂ, ਸਦੀਆਂ ਦੀ ਲੋੜ ਹੈ। ਇਹ ਕਿਹ ਸਕਦੇ ਹਾਂ ਕਿ ਐਂਟੀ-ਡਰੋਨ ਤਕਨਾਲੋਜੀ ਮੁਲਕ ਦੀ ਰੱਖਿਆ ਦੀ ਦੀਵਾਰ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਹੇਠ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਵੀ ਪਿਛਲੇ ਦਿਨੀਂ ਐਂਟੀ ਡਰੋਨ ਤਕਨਾਲੋਜੀ ਵੱਲ ਧਿਆਨ ਦਿੰਦਿਆਂ ਇਸ ‘ਤੇ ਸਰਵੇਖਣ ਕੀਤਾ ਸੀ। ਇਸ ਸਦਕਾ ਅਸੀਂ ਪੰਜਾਬ ਵਾਸੀ ਸੂਬਾ ਸਰਕਾਰ ਦੇ ਧੰਨਵਾਦੀ ਹਾਂ,ਜੋ ਸੂਬੇ ਅਤੇ ਸੂਬੇ ਦੇ ਨਾਗਰਿਕਾਂ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਦਰਸਾਉਂਦਿਆਂ ਹਰ ਉਪਰਾਲਾ ਕਰ ਰਹੇ ਹਨ।

Leave a Reply

Your email address will not be published. Required fields are marked *