ਸਾਡੇ ਸਾਰਿਆਂ ਦੀ ਜ਼ਿੰਦਗੀ ਇੱਕ ਦਰਿਆ ਵਾਂਗ ਹੈ ਕਦੇ ਸ਼ਾਂਤ, ਕਦੇ ਕੁਝ ਉਫਾਨ ‘ਤੇ । ਹਰ ਇਨਸਾਨ ਦੇ ਜੀਵਨ ਵਿੱਚ ਖੁਸ਼ੀਆਂ ਵੀ ਆਉਂਦੀਆਂ ਨੇ, ਤੇ ਮੁਸ਼ਕਲਾਂ ਵੀ। ਪਰ ਫਰਕ ਇਹ ਹੈ ਕਿ ਕੁਝ ਲੋਕ ਹਰ ਹਾਲਤ ਵਿੱਚ ਹੌਸਲੇ ਨਾਲ ਖੜ੍ਹੇ ਰਹਿੰਦੇ ਹਨ , ਜਦਕਿ ਕੁਝ ਛੋਟੀ ਜਿਹੀ ਗੱਲ ਉੱਤੇ ਟੁੱਟ ਜਾਂਦੇ ਨੇ। ਇਸ ਫਰਕ ਦਾ ਸਭ ਤੋਂ ਵੱਡਾ ਕਾਰਨ ਹੈ ਸਾਕਾਰਾਤਮਕ ਸੋਚ। ਇਹ ਸੋਚ ਸਿਰਫ਼ ਇੱਕ ਅੰਦਾਜ਼ ਨਹੀਂ, ਬਲਕਿ ਜੀਵਨ ਜੀਊਣ ਦਾ ਇੱਕ ਤਰੀਕਾ ਹੈ। ਜਦੋਂ ਅਸੀਂ ਹਾਲਾਤਾਂ ਨੂੰ ਚੰਗੀ ਨਜ਼ਰ ਨਾਲ ਦੇਖਦੇ ਹਾਂ, ਤਾਂ ਸਾਡੇ ਮਨ ਦੀ ਤਾਕਤ ਬਹੁਤ ਵੱਧ ਜਾਂਦੀ ਹੈ। ਉਦਾਹਰਣ ਦੇ ਤੌਰ ‘ਤੇ ਜੇਕਰ ਕਿਸੇ ਕੰਮ ‘ਚ ਅਸਫਲਤਾ ਮਿਲੀ, ਤਾਂ ਅਸੀਂ ਇਸਨੂੰ ਹਾਰ ਨਾ ਮੰਨ ਕੇ ਤਜਰਬਾ ਮੰਨ ਲਾਈਏ , ਤਾਂ ਉਸ ਸਮੇਂ ਮਿਲੀ ਇਹ ਅਸਫਲਤਾ ਸਾਨੂੰ ਅਗਲੀ ਵਾਰੀ ਜਿੱਤਣ ਦੀ ਹਿੰਮਤ ਦਿੰਦੀ ਹੈ।
ਵਿਚਾਰਾਂ ਦੀ ਤਾਕਤ
ਅਕਸਰ ਕਿਹਾ ਜਾਂਦਾ ਹੈ ‘ਜਿਵੇਂ ਤੇਰੇ ਵਿਚਾਰ, ਓਵੇਂ ਦੀ ਤੇਰੀ ਦੁਨੀਆਂ’। ਜੇ ਮਨ ਵਿੱਚ ਨਕਾਰਾਤਮਕਤਾ ਹੈ, ਤਾਂ ਹਰ ਚੀਜ਼ ਗਲਤ ਲੱਗੇਗੀ। ਪਰ ਜੇ ਅਸੀਂ ਮਨ ਵਿੱਚ ਆਸ ਰੱਖੀਏ, ਤਾਂ ਸਭ ਕੁਝ ਬਦਲ ਸਕਦਾ ਹੈ। ਇਹੀ ਕਾਰਨ ਹੈ ਕਿ ਸਾਰੇ ਵੱਡੇ ਲੋਕ ਚਾਹੇ ਉਹ ਸਾਡੇ ਵਡ-ਵਡੇਰੇ ਹੋਣ, ਸੰਤ-ਪਿਰ ਪੈਗੰਬਰ ਹੋਣ, ਸਾਰਿਆਂ ਨੇ ਚੰਗੇ ਵਿਚਾਰਾਂ ਦੀ ਤਾਕਤ ਨੂੰ ਸਭ ਤੋਂ ਵੱਡਾ ਹਥਿਆਰ ਮੰਨਿਆ ਹੈ। ਸਾਕਾਰਾਤਮਕ ਸੋਚ ਸਾਡੇ ਸਰੀਰ ‘ਤੇ ਵੀ ਅਸਰ ਕਰਦੀ ਹੈ,ਜਿਹੜਾ ਮਨ ਹਮੇਸ਼ਾ ਡਰ, ਤਣਾਅ ਤੇ ਚਿੰਤਾ ਵਿੱਚ ਰਹਿੰਦਾ ਹੈ, ਉਹ ਸ਼ਰੀਰ ਨੂੰ ਵੀ ਬੀਮਾਰ ਕਰ ਦਿੰਦਾ ਹੈ। ਪਰ ਜਿਸ ਸਮੇਂ ਮਨ ਖੁਸ਼ ਰਹਿੰਦਾ ਹੈ ਉਸ ਵੇਲੇ ਸਾਡੀ ਐਨਰਜੀ ਵੱਧ ਜਾਂਦੀ ਹੈ। ਵਿਗਿਆਨ ਵੀ ਇਹ ਗੱਲ ਮੰਨਦਾ ਹੈ ਕਿ ਹੱਸਣ, ਸ਼ੁਕਰਗੁਜ਼ਾਰ ਰਹਿਣ ਅਤੇ ਚੰਗੇ ਵਿਚਾਰ ਰੱਖਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਸਾਡੀ ਜ਼ਿੰਦਗੀ ਵਿੱਚ ਸਾਕਾਰਾਤਮਕ ਸੋਚ ਵਿਕਸਿਤ ਕਰਨ ਲਈ ਛੋਟੀਆਂ-ਛੋਟੀਆਂ ਆਦਤਾਂ ਬਹੁਤ ਮਦਦ ਕਰਦੀਆਂ ਹਨ ਜਿਵੇਂ ਕੇ:
- ਹਰ ਦਿਨ ਸ਼ੁਕਰਾਨਾ ਕਰੋ, ਜੋ ਮਿਲਿਆ ਹੈ ਉਸਦਾ ਧੰਨਵਾਦ ਕਰੋ, ਜੋ ਨਹੀਂ ਮਿਲਿਆ ਉਸ ਲਈ ਮਿਹਨਤ ਕਰੋ ਅਤੇ ਜ਼ਿਆਦਾ ਨਾ ਸੋਚੋ ਜੋ ਦਿਮਾਗ ‘ਤੇ ਅਸਰ ਪਾਵੇ।
- ਹਮੇਸ਼ਾ ਚੰਗੇ ਲੋਕਾਂ ਦੀ ਸੰਗਤ ਕਰੋ, ਜਿਹੜੇ ਹਮੇਸ਼ਾ ਹੌਸਲਾ ਦਿੰਦੇ ਨੇ, ਮਜ਼ਬੂਤ ਕਰਨ ਵਾਲੇ ਵਿਚਾਰ ਸਾਂਝੇ ਕਰਦੇ ਹਨ।
- ਨਕਾਰਾਤਮਕ ਖ਼ਬਰਾਂ ਤੋਂ ਦੂਰ ਰਹੋ , ਹਰ ਸਮੇਂ ਬੁਰਾਈ ਜਾਂ ਡਰ ਦੇ ਮਾਹੌਲ ਵਿੱਚ ਰਹਿਣ ਨਾਲ ਮਨ ਮੈਲਾ ਹੁੰਦਾ ਹੈ। ਖਰਾਬ ਆਦਤਾਂ ਅਤੇ ਚੁਗ਼ਲਬਾਜ਼ ਲੋਕਾਂ ਤੋਂ ਪਰਹੇਜ਼ ਕਰੋ, ਹੋ ਸਕਦਾ ਹੈ ਤਾਂ ਦੂਰੀ ਬਣਾਕੇ ਰੱਖੋ ਅਤੇ ਆਪਣੇ ਆਪ ‘ਤੇ ਕੰਟਰੋਲ ਰੱਖੋ। ਜ਼ਿੰਦਗੀ ਭਰ ਵਿੱਚ ਸਾਰਿਆਂ ਨੂੰ ਕੀਤੇ ਨਾ ਕੀਤੇ ਜਾਣਾ ਪੈਂਦਾ ਹੈ ਤਾਂ ਸੰਭਵ ਹੈ ਕੇ ਕੁਝ ਨਕਾਰਾਤਮਕ ਲੋਕ ਉਸ ਜਗ੍ਹਾ ‘ਤੇ ਮਿਲਦੇ ਹੀ ਹਨ,ਉਸ ਵੇਲੇ ਮਨ ਉੱਤੇ ਨਿਯੰਤਰਣ ਬੇਹੱਦ ਜ਼ਰੂਰੀ ਹੈ।
- ਆਪਣੇ ਆਪ ਨੂੰ ਵਿਅਸਤ ਰੱਖੋ,ਪਾਠ-ਪੂਜਾ ਕਰੋ,ਗੁਰਦੁਆਰਾ ਸਾਹਿਬ ਆਦਿ ਮੰਦਿਰਾਂ ‘ਚ ਬੈਠੇ ਸ਼ਰਧਾਲੂਆਂ ਦੀ ਸੰਗਤ ‘ਚ ਬੈਠੋ,ਆਪਣੀਆਂ ਕਮੀਆਂ ਨੂੰ ਮੰਨੋ ਅਤੇ ਉਨ੍ਹਾਂ ‘ਤੇ ਕੰਮ ਕਰੋ, ਨਾਕਾਰਾਤਮਕ ਨਾ ਸੋਚੋ ਕਿਉਂਕਿ ਜੋ ਸੋਚਦੇ ਹਾਂ ਓਹੀ ਸੱਚ ਹੋ ਜਾਂਦਾ ਹੈ।
ਜਦੋਂ ਕੋਈ ਇਨਸਾਨ ਸਾਕਾਰਾਤਮਕ ਬਣ ਜਾਂਦਾ ਹੈ, ਤਾਂ ਉਸਦੀ ਆਵਾਜ਼, ਚਾਲ, ਤੇ ਬੋਲ ਚਾਲ ਸਭ ਬਦਲ ਜਾਂਦੀ ਹੈ। ਲੋਕ ਉਸਦੀ ਊਰਜਾ ਵੱਲ ਖਿੱਚੇ ਜਾਂਦੇ ਨੇ। ਇਸੇ ਤਰ੍ਹਾਂ, ਘਰ, ਦਫ਼ਤਰ ਤੇ ਸਮਾਜ ਵਿੱਚ ਵੀ ਉਸਦਾ ਅਸਰ ਪੈਂਦਾ ਹੈ। ਇੱਕ ਖੁਸ਼ ਮਨ ਵਾਲਾ ਵਿਅਕਤੀ ਆਪਣੇ ਆਲੇ-ਦੁਆਲੇ ਵਾਲਿਆਂ ਨੂੰ ਵੀ ਪ੍ਰੇਰਿਤ ਕਰਦਾ ਹੈ ਅਤੇ ਕਦੇ ਹਾਰ ਨਹੀਂ ਮੰਨਦਾ ਅਤੇ ਹਰ ਹਾਲਤ ‘ਚ ਚੰਗੇ ਪਾਸਿਆਂ ਨੂੰ ਵੇਖਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਹੈ “ਮਨ ਜੀਤੈ ਜਗ ਜੀਤ।”
ਇਸ ਲਈ, ਹਰ ਸਵੇਰ ਉਠ ਕੇ ਆਪਣੇ ਆਪ ਨੂੰ ਕਹੋ ‘ਅੱਜ ਦਾ ਦਿਨ ਮੇਰੇ ਲਈ ਵਧੀਆ ਹੈ ਅਤੇ ਮੈਂ ਜੋ ਵੀ ਕਰਾਂਗਾ, ਚੰਗਾ ਕਰਾਂਗਾ’। ਸਾਕਾਰਾਤਮਕ ਸੋਚ ਕੋਈ ਜਾਦੂ ਨਹੀਂ, ਇਹ ਇੱਕ ਆਦਤ ਹੈ ਅਤੇ ਜਿਹੜੇ ਇਨਸਾਨ ਇਸ ਆਦਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹਨ, ਉਹ ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿੰਦੇ ਹਨ।
