ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਜੀ
ਗੁਰਦੁਆਰਾ ਫਤਹਿਗੜ੍ਹ ਸਾਹਿਬ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਧਰਮ ਹਿਤ ਦਿੱਤੀ ਅਦੁੱਤੀ-ਸ਼ਹਾਦਤ ਦੀ ਅਮਰ ਯਾਦਗਾਰ ਵਜੋਂ ਸ਼ੁਭਾਇਮਾਨ ਹੈ।
ਕਲਗੀਧਰ ਪਾਤਸ਼ਾਹ ਦੇ ਛੋਟੇ ਬਹਾਦਰ ਸਪੂਤ ਸ੍ਰੀ ਅਨੰਦਪੁਰ ਸਾਹਿਬ ਦੀ ਭਿਆਨਕ ਜੰਗ ਸਮੇਂ ਮਾਤਾ ਗੁਜਰੀ ਸਮੇਤ, ਗੁਰਦੁਆਰਾ ਪਰਿਵਾਰ ਵਿਛੋੜਾ ਦੇ ਸਥਾਨ ਤੋਂ ਖਾਲਸਾਈ ਪਰਿਵਾਰ ਨਾਲੋਂ ਵਿਛੜ ਗਏ। ਘਰੇਲੂ ਨੌਕਰ, ਗੰਗੂ ਬ੍ਰਾਹਮਣ ਦੀ ਗਦਾਰੀ ਕਾਰਨ ਛੋਟੇ ਸਾਹਿਜ਼ਾਦਿਆਂ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਸਿੱਖ ਧਰਮ ਨੂੰ ਛੱਡਣ ਤੇ ਇਸਲਾਮ ਕਬੂਲ਼ ਕਰਨ ਲਈ ਸਾਹਿਬਜ਼ਾਦਿਆਂ ਨੂੰ ਸੰਸਾਰਿਕ ਤੇ ਪ੍ਰਮਾਥਿਕ ਲਾਲਚ ਤੇ ਡਰਾਵੇ ਦਿੱਤੇ ਗਏ। ਜਦ ਸਾਹਿਬਜ਼ਾਦੇ ਕਿਸੇ ਲਾਲਚ-ਡਰਾਵੇ ਨੂੰ ਨਾ ਮੰਨੇ ਤਾਂ ਜ਼ਾਲਮਾਂ ਉਨ੍ਹਾਂ ਮਾਸੂਮ ਜਿੰਦਾਂ ਨੂੰ ਨੀਹਾਂ ਵਿਚ ਚਿਣਵਾ-ਕਤਲ ਕਰਵਾ ਦਿਤਾ। ਵਿਸ਼ਵ ਇਤਿਹਾਸ ਦਾ ਇਹ ਲਾਸਾਨੀ ਸ਼ਹੀਦੀ ਸਾਕਾ 13 ਪੋਹ, 1761 ਬਿ: ਦਸੰਬਰ 1704 ਈ: ਵਿਚ ਵਾਪਰਿਆ। ਜਦ ਇਹ ਦੁਖਦਾਈ ਖਬਰ ਮਾਤਾ ਗੁਜਰੀ ਨੂੰ ਮਿਲੀ ਤਾਂ ਉਹ ਵੀ ਗੁਰਪੁਰੀ ਪਿਆਨਾ ਕਰ ਗਏ। ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਨਾਲ-2 ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਬੁਰਜ ਮਾਤਾ ਗੁਜਰੀ ਜੀ, ਗੁਰਦੁਆਰਾ ਬਿਬਾਨ ਗੜ੍ਹ, ਗੁ: ਥੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁ. ਸ਼ਹੀਦ ਗੰਜ ਤੇ ਗੁ. ਜੋਤੀ ਸਰੂਪ ਆਦਿ ਇਤਿਹਾਸਕ ਅਸਥਾਨ ਹਨ।
6 ਪੋਹ ਤੋਂ 14 ਪੋਹ ਤੱਕ ਦੇ ਪਵਿੱਤਰ ਇਤਿਹਾਸ ਬਾਰੇ ਜਾਣਕਾਰੀ
6 ਪੋਹ ਦਾ ਇਤਿਹਾਸ – ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 6 ਪੋਹ ਤੋਂ ਸਿੱਖ ਇਤਿਹਾਸ ਦੇ ਸ਼ਹੀਦੀ ਹਫ਼ਤੇ ਦੀ ਸ਼ੁਰੂਆਤ ਹੁੰਦੀ ਹੈ। ਅੱਜ ਦੇ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ। ਗੁਰੂ ਸਾਹਿਬ ਕੋਲ ਮੁਗ਼ਲ ਅਤੇ ਪਹਾੜੀ ਰਾਜਾਂ ਦੀ ਫੌਜ ਦੇ ਵਜੀਰ ਨੇ ਆਕੇ ਬੇਨਤੀ ਕੀਤੀ ਕਿ ਉਹ ਅਨੰਦਪੁਰ ਛੱਡ ਕੇ ਚਲੇ ਜਾਣ ਅਤੇ ਸਹੁੰ ਖਾਧੀ ਕਿ ਗੁਰੂ ਸਾਹਿਬ ਫੌਜਾਂ ਸਮੇਤ ਕਿਲ੍ਹਾ ਛੱਡ ਦੇਣ ਤੇ ਉਹ ਕਿਸੇ ਨੂੰ ਕੁੱਝ ਨਹੀਂ ਕਹਿਣਗੇ ਤੇ ਉਨ੍ਹਾਂ ਦੀ ਜੰਗ ਇੱਥੇ ਹੀ ਸਮਾਪਤ ਹੋ ਜਾਵੇਗੀ। ਗੁਰੂ ਸਾਹਿਬ ਨੂੰ ਓਹਨਾ ਤੇ ਭਰੋਸਾ ਨਾ ਹੋਇਆ ਅਤੇ ਉਨ੍ਹਾਂ ਨੇ ਪਹਿਲੇ ਤਾਂ ਮਨਾ ਕਰ ਦਿੱਤਾ ਪਰ ਸਿੰਘਾਂ ਦੇ ਕਹਿਣ ‘ਤੇ ਗੁਰੂ ਜੀ ਨੇ ਪਰਿਵਾਰ ਸਮੇਤ ਕਿਲ੍ਹਾ ਛੱਡ ਦਿੱਤਾ ਅਤੇ ਚਮਕੌਰ ਵੱਲ ਨੂੰ ਤੁਰ ਪਏ।
7 ਪੋਹ ਦਾ ਇਤਿਹਾਸ – 7 ਪੋਹ ਦਾ ਉਹ ਇਤਿਹਾਸਿਕ ਦਿਨ ਅਨੰਦਪੁਰ ਸਾਹਿਬ ਤੋਂ ਚਲੇ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ, ਪੰਜ ਪਿਆਰੇ ਅਤੇ 40 ਹੋਰ ਸਿੰਘ ਚਮਕੌਰ ਸਾਹਿਬ ਪਹੁੰਚ ਗਏ ਅਤੇ ਲੋੜ ਨੂੰ ਦੇਖ ਦਿਆਂ ਉਨ੍ਹਾਂ ਨੇ ਚਮਕੌਰ ਦੀ ਕੱਚੀ ਗੜ੍ਹੀ ਤੇ ਕਬਜ਼ਾ ਕਰ ਲਿਆ। ਇਸੇ ਗੜ੍ਹੀ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਮੁਗਲਾਂ ਦੀ ਫੌਜ ਨਾਲ ਮੁਕਾਬਲਾ ਕੀਤਾ ਸੀ।
ਉਥੇ ਹੀ ਦੂਜੇ ਪਾਸੇ ਗੁਰੂ ਸਾਹਿਬ ਤੋਂ ਸਰਸੇ ਕੰਢੇ ਤੇ ਵਿਛੜੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਅਨੰਦਪੁਰ ਕਿਲ੍ਹੇ ਦਾ ਰਸੋਈਆ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ।
8 ਪੋਹ ਦਾ ਇਤਿਹਾਸ – 8 ਪੋਹ ਦਾ ਦਿਨ ਸਿੱਖ ਇਤਿਹਾਸ ਵਿਚ ਬਹੁਤ ਅਹਿਮੀਅਤ ਰੱਖਦਾ ਹੈ, ਇਸ ਦਿਨ ਚਮਕੌਰ ਦੀ ਗੜ੍ਹੀ ਦੀ ਜੰਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਹੋਰ ਕਈ ਸਿੱਖ ਯੋਧੇ ਸ਼ਹੀਦ ਹੋ ਗਏ।
ਉਥੇ ਦੂਜੇ ਪਾਸੇ ਗੰਗੂ’ ਰਸੋਇਆ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਆਇਆ ਪਰ ਉਸਦਾ ਦਿਲ ਬੇਈਮਾਨ ਹੋ ਗਿਆ ਅਤੇ ਉਸਨੇ ਮੋਰਿੰਡ ਦੇ ਚੌਧਰੀ ਗਨੀ ਖਾਨ ਅਤੇ ਮਨੀ ਖਾਨ ਕੋਲੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।
9 ਪੋਹ ਦਾ ਇਤਿਹਾਸ – 9 ਪੋਹ ਦੇ ਦਿਨ, ਪੰਜ ਪਿਆਰਿਆਂ ਦੇ ਹੁਕਮ ਨੂੰ ਸਿਰ ਮੱਥੇ ਮੰਨਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਚੋਲ਼ਾ ਅਤੇ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਪਹਿਨਾ ਦਿੱਤੀ, ਜੋ ਸਰੀਰਕ ਕੱਦ ਕਾਠ ਤੋਂ ਗੁਰੂ ਜੀ ਵਰਗੇ ਦਿਸਦੇ ਸਨ, ਅਤੇ ਆਪ ਗੁਰੂ ਜੀ ਚਮਕੌਰ ਦੀ ਗੜ੍ਹੀ ਛੱਡ ਮਾਛੀਵਾੜੇ ਦੇ ਜੰਗਲਾਂ ਵੱਲ ਚਲੇ ਗਏ। ਭਾਈ ਸੰਗਤ ਸਿੰਘ ਜੀ ਹੋਰਨਾਂ ਸਿੰਘਾਂ ਸਮੇਤ ਚਮਕੌਰ ਸਾਹਿਬ ਦੀ ਜੰਗ ਵਿਖੇ ਸ਼ਹੀਦ ਹੋ ਗਏ।
ਉੱਧਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੇ ਅੰਤਾਂ ਦੀ ਸਰਦੀ ਵਿੱਚ ਇਹ ਰਾਤ ਠੰਢੇ ਬੁਰਜ ਵਿੱਚ ਕੱਟੀ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰੀ ਉਪਰੰਤ ਕੈਦ ਕਰਕੇ ਰੱਖਿਆ ਗਿਆ ਸੀ।
10 ਪੋਹ ਦਾ ਇਤਿਹਾਸ – 10 ਪੋਹ ਦੀ ਉਹ ਰਾਤ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰੀ ਜੀ ਨੇ ਠੰਡੇ ਬੁਰਜ ‘ਚ ਗੁਜ਼ਾਰੀ। ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਸਾਰੀ ਰਾਤ ਉਨ੍ਹਾਂ ਦੇ ਦਾਦਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਜਾਣੂ ਕਰਵਾਇਆ ਅਤੇ ਛੋਟੇ ਸਾਹਿਬਜ਼ਾਦਿਆਂ ਅੰਦਰ ਜ਼ੁਲਮ ਖਿਲਾਫ ਅਵਾਜ ਬੁਲੰਦ ਕਰਨ ਦਾ ਜ਼ਜਬਾ ਭਰਿਆ। ਦਾਦੀ ਦੀਆਂ ਸਿੱਖਿਆਵਾਂ ਅਤੇ ਪਿਆਰ ਦਾ ਨਿੱਘ ਮਾਣਦਿਆਂ ਛੋਟੇ ਸਾਹਿਬਜ਼ਾਦਿਆ ਨੇ ਸਾਰੀ ਰਾਤ ਕੜਕਦੀ ਸਰਦੀ ਵਿੱਚ ਸਰਹਿੰਦ ਦੇ ਠੰਡੇ ਬੁਰਜ ‘ਚ ਗੁਜ਼ਾਰੀ।
11 ਪੋਹ ਦਾ ਇਤਿਹਾਸ- ਅੱਜ ਦੇ ਦਿਨ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਪਹਿਲੀ ਪੇਸ਼ੀ ਸੂਬਾ ਸਰਹੰਦ ਦੇ ਦਰਬਾਰ ‘ਚ ਹੋਈ। ਸਾਰੀ ਰਾਤ ਠੰਡੇ ਬੁਰਜ ‘ਚ ਰਹਿਣ ਨਾਲ ਸਾਹਿਬਜ਼ਾਦਿਆਂ ਦੇ ਨੱਕ ਅਤੇ ਬੁੱਲ੍ਹ ਨੀਲੇ ਹੋ ਗਏ ਸਨ ਪਰ ਗੁਰੂ ਕੇ ਲਾਲ ਪਰਬਤ ਵਾਂਗ ਅਡੋਲ ਸਨ। ਬਥੇਰੇ ਲਾਲਚ, ਨਜ਼ਰਾਨੇ ਦਿੱਤੇ ਗਏ ਤਾਂ ਜੋ ਗੁਰੂ ਕੇ ਲਾਲ ਡੋਲ ਜਾਣ ਪਰ ਸਾਡੇ ਬਾਬਿਆਂ ਨੇ ਹਰੇਕ ਲਾਲਚ ਨੂੰ ਠੋਕਰ ਮਾਰ ਕੇ ਠੁਕਰਾ ਦਿੱਤਾ।
12 ਪੋਹ ਦਾ ਇਤਿਹਾਸ – 12 ਪੋਹ ਦੋ ਦਿਨ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਦੁਬਾਰਾ ਪੇਸ਼ ਕੀਤਾ ਗਿਆ ਅਤੇ ਇਸਲਾਮ ਧਰਮ ਕਬੂਲਣ ਲਈ ਕਈ ਤਰ੍ਹਾਂ ਦੇ ਤਸੀਹੇ ਤੇ ਡਰਾਵੇ ਦਿੱਤੇ ਗਏ ਪਰ ਸਾਹਿਬਜ਼ਾਦਿਆਂ ਨੇ ਬਿਨਾਂ ਡਰੇ ਕਚਹਿਰੀ ਅੰਦਰ ਪਹੁੰਚਦਿਆਂ ਹੀ ਗੱਜ ਕੇ ਫਤਹਿ ਬੁਲਾਈ ਅਤੇ ਇਸਲਾਮ ਧਰਮ ਕਬੂਲ ਕਰਨ ਤੋਂ ਮਨ੍ਹਾਂ ਕਰ ਦਿੱਤਾ। ਇਨ੍ਹਾਂ ਨਿੱਕੀਆਂ ਜ਼ਿੰਦਾਂ ਨੇ ਸਿੱਖੀ ਸਿਦਕ ਦੀ ਮਿਸਾਲ ਰੱਖੀ ਅਤੇ ਡਰਾਵਿਆਂ ਦੇ ਬਾਵਜੂਦ ਵੀ ਅਡੋਲ ਰਹੇ।
13 ਪੋਹ ਦਾ ਇਤਿਹਾਸ – 13 ਪੋਹ ਦਾ ਦਿਨ ਸਿੱਖ ਇਤਿਹਾਸ ਵਿਚ ਬਹੁਤ ਅਹਿਮੀਅਤ ਰੱਖਦਾ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਇਸਲਾਮ ਨਾ ਕਬੂਲਣ ਤੇ ਸੂਬਾ ਸਰਹਿੰਦ ਵਲੋਂ ਸ਼ਹੀਦ ਕੀਤਾ ਗਿਆ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਠੰਢੇ ਬੁਰਜ ‘ਚ ਗੁਰਪੁਰੀ ਸਿਧਾਰ ਗਏ। ਗਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਛੋਟੀਆਂ ਜਿੰਦਾਂ ਦਾ ਵੱਡਾ ਸਾਕਾ ਹੈ। ਉਨ੍ਹਾਂ ਨੇ ਉਮਰ ਦੇ ਬੰਧਨ ਤੋੜ ਕੇ ਜਿਸ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਸੀ, ਉਹ ਲਾਸਾਨੀ ਹੈ।
14 ਪੋਹ ਦਾ ਇਤਿਹਾਸ – 14 ਪੋਹ ਨੂੰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸਸਕਾਰ ਟੋਡਰ ਮੱਲ ਜੀ ਵੱਲੋਂ ਕੀਤਾ ਗਿਆ ਜਿਨ੍ਹਾਂ ਦਾ ਨਾਮ ਸਿੱਖ ਧਰਮ ਵਿੱਚ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਜਦੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਮੁਗਲਾਂ ਦੇ ਡਰ ਕਾਰਣ ਕਿਸੇ ਦੀ ਉਨ੍ਹਾਂ ਦਾ ਸਸਕਾਰ ਕਰਨ ਦੀ ਹਿੰਮਤ ਨਾ ਪਈ ਤੇ ਨਾ ਹੀ ਕਿਸੇ ਜ਼ਿੰਮੀਦਾਰ ਨੇ ਆਪਣੀ ਜ਼ਮੀਨ ਸਸਕਾਰ ਕਰਨ ਲਈ ਦਿੱਤੀ। ਆਖਿਰ ਇੱਕ ਜ਼ਿੰਮੀਦਾਰ ਚੌਧਰੀ ਅੱਤਾ ਆਪਣੀ ਜ਼ਮੀਨ ਵੇਚਣ ਲਈ ਤਿਆਰ ਹੋ ਗਿਆ ਪਰ ਉਸਨੇ ਸ਼ਰਤ ਰੱਖੀ ਕਿ ਜ਼ਮੀਨ ਤਾਂ ਹੀ ਮਿਲੇਗੀ ਜੇ ਇਸਦੀ ਕੀਮਤ ਜ਼ਮੀਨ ‘ਤੇ ਸੋਨਾ ਵਿਛਾ ਕੇ ਦਿੱਤੀ ਜਾਵੇ। ਉਸ ਸਮੇਂ ਟੋਡਰ ਮੱਲ ਜੀ ਨੇ ਆਪਣੀ ਸਾਰੀ ਜਾਇਦਾਦ ਦੇ ਕੇ ਜ਼ਮੀਨ ‘ਤੇ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ ਜ਼ਮੀਨ ਲਈ ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸਸਕਾਰ ਕੀਤਾ। ਇਹ ਜ਼ਮੀਨ ਪੂਰੀ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਕਹੀ ਜਾਂਦੀ ਹੈ ਜਿੱਥੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਸਾਹਿਬ ਫ਼ਤਹਿਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਹੈ।