ਹਰ ਸਾਲ 28 ਜੁਲਾਈ ਨੂੰ ਵਿਸ਼ਵ ਕੁਦਰਤ ਸੰਭਾਲ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਦੁਨੀਆਂ ਭਰ ‘ਚ ਵਸਦੇ ਲੋਕਾਂ ਵਿੱਚ ਵਾਤਾਵਰਨ ਅਤੇ ਕੁਦਰਤੀ ਸਰੋਤਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਫ਼ੈਲਾਉਣਾ ਹੈ। ਧਰਤੀ ਉੱਤੇ ਜੀਵਨ ਦੀ ਨਿਰਭਰਤਾ ਕੁਦਰਤ ਉੱਤੇ ਹੀ ਹੈ, ਪਰ ਆਧੁਨਿਕਤਾ ਅਤੇ ਵਿਕਾਸ ਦੇ ਨਾਮ ‘ਤੇ ਮਨੁੱਖਾਂ ਨੇ ਇਸ ਧਰਤੀ ਨੂੰ ਖ਼ਤਰੇ ‘ਚ ਪਾ ਦਿੱਤਾ ਹੈ।
ਕੁਦਰਤ ਸਾਡੀ ਜ਼ਿੰਦਗੀ ਦੀ ਰੀੜ ਦੀ ਹੱਡੀ
ਜਲ, ਹਵਾ, ਮਿੱਟੀ, ਪੌਦੇ, ਜਾਨਵਰ ਇਹ ਸਾਰੇ ਕੁਦਰਤੀ ਸਰੋਤ ਹੀ ਸਾਡੀ ਜ਼ਿੰਦਗੀ ਨੂੰ ਸੰਭਾਲਦੇ ਹਨ। ਜੇਕਰ ਇਹ ਸਰੋਤ ਖਤਮ ਹੋ ਜਾਣ ਤਾਂ ਮਨੁੱਖਤਾ ਦਾ ਟਿਕਣਾ ਔਖਾ ਹੋ ਜਾਵੇਗਾ। ਅੱਜ ਜਿੱਥੇ ਪਾਣੀ ਦੀ ਘਾਟ, ਜੰਗਲਾਂ ਦੀ ਕਟਾਈ , ਜਲਵਾਯੂ ਪਰਿਵਰਤਨ ਅਤੇ ਵਾਧੂ ਪ੍ਰਦੂਸ਼ਣ ਹੋ ਰਿਹਾ ਹੈ, ਉੱਥੇ ਇਹ ਦਿਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਕੁਦਰਤ ਦੀ ਰੱਖਿਆ ਸਾਡਾ ਫਰਜ਼ ਹੈ।
ਮਨੁੱਖਾਂ ਵਲੋਂ ਕੁਦਰਤ ਨਾਲ ਕੀਤੇ ਖਿਲਵਾੜ
ਦੁਨਿਆਵੀ ਵਸਤੂਆਂ ਦੀ ਵਾਧੂ ਖਪਤ, ਜੰਗਲਾਂ ਦੀ ਕੱਟਾਈ, ਪਲਾਸਟਿਕ,ਕੈਮੀਕਲ ਆਦਿ ਦਾ ਵਾਧੂ ਉਪਯੋਗ ਅਤੇ ਜਾਨਵਰਾਂ ਦਾ ਸ਼ਿਕਾਰ ਕਰਕੇ ਅਸੀਂ ਕੁਦਰਤੀ ਸੰਤੁਲਨ ਨੂੰ ਬਰਬਾਦ ਕਰ ਰਹੇ ਹਾਂ। ਗਲੋਬਲ ਵਾਰਮਿੰਗ, ਸਮੁੰਦਰੀ ਪੱਧਰ ‘ਚ ਵਾਧਾ, ਜਲਵਾਯੂ ਸੰਕਟ ਇਹ ਸਾਰੇ ਮਨੁੱਖੀ ਹਥਾਂ ਨਾਲ ਕੀਤੇ ਵਿਗਾੜ ਦੇ ਨਤੀਜੇ ਹਨ।
ਇਸ ਦਿਵਸ ਦੀ ਲੋੜ
ਇਸ ਦਿਨ ਰਾਹੀਂ ਸਾਰੇ ਵਿਸ਼ਵ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੇ ਵਣ ਆਦਿ ਦਰਖ਼ਤ ਅਤੇ ਹੋਰ ਪੌਦੇ ਬਚਾਉਣੇ ਕਿਉਂ ਜ਼ਰੂਰੀ ਹਨ। ਪਾਣੀ, ਹਵਾ, ਮਿੱਟੀ ਆਦਿ ਦੀ ਸਫ਼ਾਈ ਕਿਵੇਂ ਰੱਖੀ ਜਾਵੇ, ਜੈਵਿਕ ਉਤਪਾਦਾਂ ਨੂੰ ਕਿਵੇਂ ਬਚਾਇਆ ਜਾਵੇ ਅਤੇ ਕਿਵੇਂ ਨਵੀਂ ਪੀੜ੍ਹੀ ਨੂੰ ਕੁਦਰਤ ਨਾਲ ਜੋੜਿਆ ਜਾਵੇ।
ਮਨੁੱਖਾਂ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ
1.ਰੁੱਖ- ਹਰ ਵਿਅਕਤੀ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਕਦਮ ਰਾਹੀਂ ਇੱਕ ਸਾਫ਼ ਸੁਥਰਾ ਅਤੇ ਸਾਹ ਲੈਣ ਯੋਗ ਵਾਤਾਵਰਣ ਸਿਰਜਿਆ ਜਾ ਸਕੇਗਾ।
- ਪਲਾਸਟਿਕ ਦਾ ਤਿਆਗ – ਇੱਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੀ ਥਾਂ ਕਾਗਜ਼ ਜਾਂ ਕਪੜੇ ਦੇ ਥੈਲੇ ਵਰਤੇ ਜਾਣੇ ਚਾਹੀਦੇ ਹਨ।
- ਪਾਣੀ ਦੀ ਬਚਤ – ਨਲਕਾ ਖੁੱਲ੍ਹਾ ਨਾ ਛੱਡਿਆ ਜਾਵੇ, ਰੀ-ਯੂਜ਼ ਅਤੇ ਰੇਨ ਵਾਟਰ ਹਾਰਵੇਸਟਿੰਗ ਵਰਗੀ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ।
- ਜੈਵਿਕ ਖੇਤੀ ਨੂੰ ਤਰਜੀਹ – ਰਸਾਇਣਿਕ ਖਾਦਾਂ ਦੀ ਥਾਂ ਜੈਵਿਕ ਖਾਦ,ਕੀਟਨਾਸ਼ਕ ਦੀ ਖੇਤਾਂ ਵਿੱਚ ਵਰਤਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਖੇਤੀ ਨਾਲ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।
- ਜਨ ਜਾਗਰੂਕਤਾ – ਹੋਰਾਂ ਨੂੰ ਵੀ ਕੁਦਰਤ ਦੀ ਸੰਭਾਲ ਲਈ ਪ੍ਰੇਰਿਤ ਜ਼ਰੂਰ ਕਰਨਾ ਚਾਹੀਦਾ ਹੈ ਕੇ ਹਾਨੀਕਾਰਕ ਚੀਜ਼ਾਂ ਦੀ ਵਰਤੋਂ ਕਰਨੀ ਛੱਡਣੀ ਪਵੇਗੀ ਜਿਵੇਂ ਕੈਮੀਕਲ,ਪਲਾਸਟਿਕ, ਰੰਗ , ਸਾਫ਼ ਪਾਣੀ ਵਿੱਚ ਦੂਸ਼ਿਤ ਪਾਣੀ ਦਾ ਮਿਲਣਾ ਅਤੇ ਹੋਰ ਚੀਜ਼ਾਂ ਜਿਸਦਾ ਧਰਤੀ ਦੇ ਵਾਤਾਵਰਣ ਦੇ ਅਸਰ ਪੈਂਦਾ ਹੈ।
ਸਰਕਾਰਾਂ ਅਤੇ ਸੰਸਥਾਵਾਂ ਦੀ ਭੂਮਿਕਾ
ਸਰਕਾਰਾਂ ਨੂੰ ਵਧੇਰੇ ਹਰਾ-ਭਰਾ ਇਨਫਰਾਸਟਰਕਚਰ ਬਣਾਉਣ, ਵਾਤਾਵਰਣ ਬਚਾਉਣ ਵਾਲੀਆਂ ਨੀਤੀਆਂ ਲਾਗੂ ਕਰਨ ਅਤੇ ਕਾਨੂੰਨੀ ਰੂਪ ਵਿੱਚ ਕੁਦਰਤ ਦੀ ਰੱਖਿਆ ਲਈ ਮਹੱਤਵਪੂਰਨ ਕਦਮ ਚੁੱਕਣੇ ਚਾਹੀਦੇ ਹਨ ਅਤੇ ਪੰਜਾਬ ਦੀ ਹਾਲ ਦੀ ਸਰਕਾਰ ਕਰ ਵੀ ਰਹੀ ਹੈ, ਜਿਸਦੇ ਪੰਜਾਬ ਵਾਸੀ ਬੇਹੱਦ ਧੰਨਵਾਦੀ ਹਨ ।
ਇਸਦੇ ਅੰਤ ਵਿੱਚ...
ਕੁਦਰਤ ਸਾਡੀ ਮਾਂ ਵਾਂਗ ਹੈ, ਜੋ ਸਾਨੂੰ ਹਰ ਪਲ ਕੁਝ ਨਾ ਕੁਝ ਪ੍ਰਦਾਨ ਕਰ ਰਹੀ ਹੈ। ਪਰ ਅਸੀਂ ਉਸ ਦੀ ਕਦਰ ਨਹੀਂ ਕਰ ਰਹੇ। ਵਿਸ਼ਵ ਕੁਦਰਤ ਸੰਭਾਲ ਦਿਵਸ ਸਾਨੂੰ ਸਿਖਾਉਂਦਾ ਹੈ ਕਿ ਜੇ ਅਸੀਂ ਮਨੁੱਖ ਅੱਜ ਵੀ ਨਾ ਸਮਝੇ , ਤਾਂ ਭਵਿੱਖ ਵਿੱਚ ਸਾਨੂੰ ਕਈ ਭਾਰੀ ਨੁਕਸਾਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ, ਅਸੀਂ ਸਭ ਮਿਲ ਕੇ ਕੁਦਰਤ ਨੂੰ ਬਚਾਈਏ, ਤਾਂ ਜੋ ਅਗਲੀ ਪੀੜ੍ਹੀ ਵੀ ਇਸ ਧਰਤੀ ਦੀ ਖੂਬਸੂਰਤੀ ਦਾ ਆਨੰਦ ਲੈ ਸਕੇ, ਸਾਫ਼-ਸੁਥਰੀ ਹਵਾ ਦਾ ਆਨੰਦ ਮਾਣ ਸਕੇ, ਹਮੇਸ਼ਾ ਧਰਤੀ ਹਰੀ ਭਰੀ ਰਹਿ ਸਕੇ,ਜਿਵੇਂ ਰੱਬ ਨੇ ਸਾਨੂੰ ਬਕਸ਼ੀ ਸੀ। ਇਸ ਮੁੱਦੇ ਉੱਤੇ ਆਓ ਇੱਕ ਨਾਰਾ ਲਾਈਏ।
”ਕੁਦਰਤ ਦੀ ਸੰਭਾਲ ਕਰੋ – ਆਪਣੇ ਭਵਿੱਖ ਨੂੰ ਬਚਾਓ”
