ਜੀਵਨ ਵਿੱਚ ਸਫਲਤਾ, ਖੁਸ਼ਹਾਲੀ ਅਤੇ ਆਤਮ-ਵਿਸ਼ਵਾਸ ਦੀ ਬੁਨਿਆਦ ਚੰਗੀਆਂ ਆਦਤਾਂ ਅਤੇ ਅਨੁਸਾਸ਼ਨ ‘ਤੇ ਟਿਕੀ ਹੁੰਦੀ ਹੈ। ਇੱਕ ਇਨਸਾਨ ਦੀਆਂ ਆਦਤਾਂ ਹੀ ਉਸ ਦਾ ਸੁਭਾਅ , ਕੰਮ ਕਰਨ ਦਾ ਢੰਗ ਅਤੇ ਉਸਦੀ ਸੋਚ ਦੀ ਦਿਸ਼ਾ ਤੈਅ ਕਰਦੀਆਂ ਹਨ। ਅਸੀਂ ਹਰ ਰੋਜ਼ ਥੋੜ੍ਹਾ-ਥੋੜ੍ਹਾ ਕਰਕੇ ਕੁਝ ਨਵਾਂ ਸਿੱਖਦੇ ਹਾਂ ਅਤੇ ਉਸ ਘੜੀ ਤੋਂ ਮਿਲਿਆ ਤਜ਼ਰਬਾ ਸਾਡੇ ਵਿਚ ਉਹ ਤਾਕਤ ਪੈਦਾ ਕਰਦਾ ਹੈ ਜੋ ਸਾਨੂੰ ਜੀਵਨ ਦੇ ਹਰ ਪੱਖ ‘ਚ ਮਜ਼ਬੂਤ ਬਣਾਉਂਦਾ ਹੈ।
ਚੰਗੀਆਂ ਆਦਤਾਂ ਦੀ ਮਹੱਤਤਾ
ਚੰਗੀਆਂ ਆਦਤਾਂ ਹੀ ਮਨੁੱਖ ਦੇ ਜੀਵਨ ਦਾ ਨਕਸ਼ਾ ਤਿਆਰ ਕਰਦੀਆਂ ਹਨ। ਇਹ ਆਦਤਾਂ ਸਾਨੂੰ ਨਾ ਸਿਰਫ਼ ਠੀਕ ਰਸਤੇ ‘ਤੇ ਚਲਾਉਂਦੀਆਂ ਹਨ, ਸਗੋਂ ਸਾਡੀ ਸ਼ਖਸੀਅਤ ਨੂੰ ਵੀ ਸੁਧਾਰਦੀਆਂ ਹਨ।
ਉਦਾਹਰਣ ਦੇ ਤੌਰ ‘ਤੇ : ਸਮੇਂ ‘ਤੇ ਜਾਗਣਾ, ਸਾਫ਼-ਸਫ਼ਾਈ ਦਾ ਧਿਆਨ ਰੱਖਣਾ, ਨਿੱਤ ਪੜ੍ਹਾਈ ਕਰਨਾ, ਮਿਹਨਤ ਨਾਲ ਕੰਮ ਕਰਨਾ, ਲਗਾਤਾਰ ਸਿਖਣ ਦੀ ਇੱਛਾ ਰੱਖਣਾ। ਇਹ ਸਾਰਾ ਕੁਝ ਸੱਚਾਈ ਨਾਲ ਪਾਲਣਾ ਕਰਨਾ ਉਹ ਗੁਣ ਹਨ ਜੋ ਇਕ ਵਿਅਕਤੀ ਨੂੰ ਹੋਰਾਂ ਤੋਂ ਵੱਖਰਾ ਬਣਾਉਂਦੇ ਹਨ। ਅਜਿਹੀਆਂ ਚੰਗੀਆਂ ਆਦਤਾਂ ਹੀ ਸਾਨੂੰ ਆਪਣੇ ਟੀਚਿਆਂ ਵੱਲ ਇੱਕ ਚੰਗੇ ਤਰੀਕੇ ਨਾਲ ਅੱਗੇ ਵਧਾਉਂਦੀਆਂ ਰਹਿੰਦੀਆਂ ਹਨ।
ਅਨੁਸਾਸ਼ਨ - ਜੀਵਨ ਦਾ ਸਹਾਰਾ
ਅਨੁਸਾਸ਼ਨ ਦਾ ਅਰਥ ਸਿਰਫ਼ ਹੁਕਮ ਮੰਨਣਾ ਨਹੀਂ, ਸਗੋਂ ਆਪਣੇ ਆਪ ਨੂੰ ਮਿਥੇ ਟੀਚਿਆਂ , ਜ਼ਿੰਮੇਵਾਰੀਆਂ ਦੇ ਅਨੁਸਾਰ ਖੁਦ ਨੂੰ ਉਸ ਸੀਮਾ ਤੱਕ ਲੈ ਕੇ ਜਾਣਾ ਹੈ। ਜਿਹੜਾ ਵਿਅਕਤੀ ਇਸ ਮੁਤਾਬਕ ਚਲਦਾ ਹੈ , ਉਹ ਕੰਮ ਨੂੰ ਸਮੇਂ ‘ਤੇ ਅਤੇ ਇਮਾਨਦਾਰੀ ਨਾਲ ਪੂਰਾ ਕਰਨਾ ਬਿਹਤਰ ਜਾਣਦਾ ਹੈ। ਇਹ ਸਾਡੇ ਵਿਚ ਸਬਰ-ਸੰਤੋਖ ਅਤੇ ਦ੍ਰਿੜ ਨਿਸ਼ਚੇ ਵਾਲੀ ਸੋਚ ਪੈਦਾ ਕਰਦਾ ਹੈ। ਬਿਨਾਂ ਅਨੁਸਾਸ਼ਨ ਦੇ, ਕੋਈ ਵੀ ਵੱਡਾ ਟੀਚਾ ਪੂਰਾ ਨਹੀਂ ਹੋ ਸਕਦਾ। ਚਾਹੇ ਖਿਡਾਰੀ ਹੋਵੇ, ਵਿਦਿਆਰਥੀ ਹੋਵੇ ਜਾਂ ਕਰਮਚਾਰੀ — ਹਰ ਕਿਸੇ ਲਈ ਅਨੁਸਾਸ਼ਨ ਸਫਲਤਾ ਦਾ ਮੁੱਖ ਸੂਤਰ ਹੁੰਦਾ ਹੈ। ਅਨੁਸਾਸ਼ਨ ਸਾਨੂੰ ਰਹਿੰਦੀ ਜ਼ਿੰਦਗੀ ਹਰ ਪੜਾਵਾਂ ਨੂੰ ਪਾਰ ਕਰਨਾ ਸਿਖਾਉਂਦਾ ਹੈ ਅਤੇ ਸਾਡੇ ਵਿਚ ਹਾਰ ਨਹੀਂ ਮੰਨਣ ਦੀ ਆਦਤ ਪੈਦਾ ਕਰਦਾ ਹੈ।
ਚੰਗੀਆਂ ਆਦਤਾਂ ਬਣਾਉਣ ਲਈ ਕਦਮ
ਚੰਗੀਆਂ ਆਦਤਾਂ ਬਣਾਉਣਾ ਇੱਕ ਦਿਨ ਦਾ ਕੰਮ ਨਹੀਂ ਬਲਕਿ ਇਹ ਇੱਕ ਹੌਲੀ-ਹੌਲੀ ਬਣਨ ਵਾਲੀ ਪ੍ਰਕਿਰਿਆ ਹੈ, ਜੋ ਸਮੇਂ ਦੇ ਨਾਲ ਮੁਕੰਮਲ ਹੁੰਦੀ ਹੈ। ਹੇਠ ਦੱਸੀਆਂ ਗਈਆਂ ਚੀਜ਼ਾਂ ਨਾਲ ਅਸੀਂ ਆਸਾਨੀ ਨਾਲ ਚੰਗੀਆਂ ਆਦਤਾਂ ਅਪਣਾ ਸਕਦੇ ਹਾਂ :
ਛੋਟੇ ਲਕਸ਼ ਮਿਥੋ :
ਵੱਡੇ ਟੀਚਿਆਂ ਦੀ ਬਜਾਏ ਛੋਟੇ-ਛੋਟੇ ਟਿੱਚੇ ਮਿੱਥ ਕੇ ਤੈਅ ਕਰੋ। ਜਿਵੇਂ ਹਰ ਰੋਜ਼ 10 ਮਿੰਟ ਪੁਸਤਕ ਪੜ੍ਹਨੀ, 5 ਮਿੰਟ ਕਸਰਤ ਕਰਨੀ ਆਦਿ। ਕੋਈ ਵੀ ਆਦਤ ਕਰਨ ਨਾਲ ਹੀ ਬਣਦੀ ਹੈ। ਇਸ ਲਈ ਇੱਕ ਸਮਾਂ ਤੈਅ ਕਰੋ ਅਤੇ ਉਸ ‘ਤੇ ਕਾਇਮ ਰਹੋ।
ਆਪਣੇ ਆਪ ਦੀ ਹੌਸਲਾ-ਅਫ਼ਜ਼ਾਈ :
ਜਦ ਅਸੀਂ ਕੋਈ ਵੀ ਚੰਗੀ ਆਦਤ ਨਿੱਤ ਕਰਦੇ ਹਾਂ, ਤਾਂ ਉਸ ਵੇਲੇ ਆਪਣੇ ਆਪ ਦੀ ਹੌਸਲਾ-ਅਫ਼ਜ਼ਾਈ ਜ਼ਰੂਰ ਕਰਨੀ ਚਾਹੀਦੀ ਹੈ। ਇਹ ਚੀਜ਼ ਸਾਨੂ ਹੋਰ ਮੋਟਿਵੇਟ ਕਰਨ ‘ਚ ਮਦਦ ਕਰਦੀ ਹੈ।
ਮਾੜੀ ਸੰਗਤ ਤੋਂ ਪਰਹੇਜ਼ ਕਰਨਾ :
ਸੰਗਤ ਮਨੁੱਖ ਦੇ ਸੁਭਾ ‘ਤੇ ਵੱਡਾ ਅਸਰ ਪਾਓਂਦੀ ਹੈ। ਚੰਗੇ ਅਤੇ ਸਾਕਾਰਾਤਮਕ ਲੋਕਾਂ ਦੀ ਸੰਗਤ ਚੰਗੀਆਂ ਆਦਤਾਂ ਨੂੰ ਮਜ਼ਬੂਤ ਕਰਦੀ ਹੈ।
ਸਬਰ ਰੱਖਣਾ :
ਨਵੀਆਂ ਆਦਤਾਂ ਬਣਾਉਣ ਵਿੱਚ ਸਮਾਂ ਲੱਗਦਾ ਹੈ ਅਤੇ ਸਬਰ ‘ਤੇ ਦ੍ਰਿੜ੍ਹਤਾ ਨਾਲ ਹੀ ਇਹ ਪ੍ਰਕਿਰਿਆ ਸਫਲ ਹੁੰਦੀ ਹੈ।
ਅਨੁਸਾਸ਼ਨ ਅਪਣਾਉਣ ਲਈ ਕੁਝ ਸੁਝਾਅ
ਟਾਈਮ ਟੇਬਲ ਬਣਾਉਣਾ :
ਸਾਨੂ ਆਪਣਾ ਦਿਨ ਯੋਜਨਾਬੱਧ ਤਰੀਕੇ ਨਾਲ ਸ਼ੁਰੂ ਕਰਨਾ ਚਾਹੀਦਾ ਹੈ। ਸਾਰੇ ਦਿਨ ਦੇ ਜ਼ਰੂਰੀ ਕੰਮਾਂ ਦੀ ਸੂਚੀ ਬਣਾਉਣ ਨਾਲ ਗੈਰ-ਜ਼ਰੂਰੀ ਕੰਮਾਂ ਤੋਂ ਬਚਿਆ ਜਾ ਸਕਦਾ ਹੈ। ਕਿਹੜਾ ਕੰਮ ਪਹਿਲਾਂ ਅਤੇ ਕਿਹੜਾ ਬਾਅਦ ਕਰਨਾ ਹੈ, ਇਹ ਹੀ ਅਨੁਸਾਸ਼ਨ ਦੀ ਕਲਾ ਹੈ।
ਮੋਬਾਈਲ ਅਤੇ ਸੋਸ਼ਲ ਮੀਡੀਆ ਦਾ ਸਹੀ ਪ੍ਰਯੋਗ ਕਰਨਾ
ਇਹ ਸਭ ਤੋਂ ਵੱਡੀ ਧਿਆਨ ਭੰਗ ਕਰਨ ਵਾਲੀ ਚੀਜ਼ ਹੈ। ਇਸ ਦਾ ਸਮੇਂਬੱਧ ਤਰੀਕੇ ਨਾਲ ਅਤੇ ਲੋੜ੍ਹ ਮੁਤਾਬਿਕ ਪ੍ਰਯੋਗ ਕਰਨਾ ਚਾਹੀਦਾ ਹੈ।
ਖ਼ੁਦ ਵਿੱਚ ਨਿਯੰਤਰਣ ਵਿਕਸਿਤ ਕਰਨਾ:
ਜ਼ਿੰਦਗੀ ਵਿੱਚ ਸਭ ਚੀਜ਼ਾਂ ‘ਤੇ ਨਿਯੰਤਰਣ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਖਾਣਾ-ਪੀਣਾ , ਬੋਲਣਾ ਅਤੇ ਖਾਸ ਕਰਕੇ ਪੈਸੇ ਖਰਚ ਕਰਨ ਵਿੱਚ ਸੰਤੁਲਨ ਰੱਖਣਾ ਚਾਹੀਦਾ ਹੈ। ਇਹ ਕੰਟਰੋਲ ਸਾਰੀ ਜ਼ਿੰਦਗੀ ਵਿੱਚ ਸਾਡੇ ਮਨੁਖਾਂ ਦੀ ਜ਼ਿੰਦਗੀ ਵਿੱਚ ਬਹੁਤ ਮਦਦ ਕਰਦਾ ਹੈ।
ਇਸ ਬਲਾਗ ਰਾਹੀਂ ਸੁਨੇਹਾ
ਸਫਲਤਾ ਦਾ ਰਸਤਾ ਹਮੇਸ਼ਾ ਚੰਗੀਆਂ ਆਦਤਾਂ ਅਤੇ ਅਨੁਸਾਸ਼ਨ ਰਾਹੀਂ ਹੀ ਲੰਘਦਾ ਹੈ। ਇਹ ਦੋਵੇਂ ਜੀਵਨ ਦੀਆਂ ਉਹ ਨੀਹਾਂ ਹਨ, ਜਿਨ੍ਹਾਂ ‘ਤੇ ਮਜ਼ਬੂਤ ਬਣਨ ਦੀ ਇਮਾਰਤ ਖੜ੍ਹੀ ਹੁੰਦੀ ਹੈ। ਹਰ ਛੋਟੀ ਅਤੇ ਚੰਗੀ ਆਦਤ ਹਰ ਦਿਨ ਸਾਨੂੰ ਇੱਕ ਬਿਹਤਰ ਮਨੁੱਖ ਬਣਾਉਂਦੀ ਹੈ। ਇਸ ਲਈ ਚੰਗੀਆਂ ਆਦਤਾਂ ਅਪਣਾਓ, ਅਨੁਸਾਸ਼ਨ ਦਾ ਪਾਲਣ ਕਰੋ ਅਤੇ ਆਪਣੇ ਜੀਵਨ ਨੂੰ ਸੁੰਦਰ, ‘ਤੇ ਸਫਲ ਬਣਾਓ।
