ਪਠਾਨਕੋਟ ਦਾ ਮੁਕਤੇਸ਼ਵਰ ਮਹਾਦੇਵ ਮੰਦਰ

ਮਹਾਭਾਰਤ ਦੇ ਮਹਾਂਕਾਵਿ ਅਨੁਸਾਰ ਰਾਜਾ ਪਾਂਡੂ ਅਤੇ ਰਾਣੀ ਕੁੰਤੀ-ਮਾਦਰੀ ਦੇ ਪੰਜ ਪੁੱਤਰਾਂ ਨੂੰ ਪਾਂਡਵ ਕਿਹਾ ਜਾਂਦਾ ਹੈ। ਰਿਸ਼ੀ ਦੇ ਸਰਾਪ ਕਾਰਨ ਰਾਜਾ ਪਾਂਡੂ ਪਿਤਾ ਬਣਨ ਦੇ ਯੋਗ ਨਹੀਂ ਸਨ। ਇਸ ਲਈ ਕੁੰਤੀ ਅਤੇ ਮਾਦਰੀ ਨੇ ਪ੍ਰਾਪਤ ਹੋਏ ਬ੍ਰਹਮ ਮੰਤਰਾਂ ਦੀ ਵਰਤੋਂ ਨਾਲ ਵੱਖ-ਵੱਖ ਦੇਵਤਿਆਂ ਦੇ ਅੰਸ਼ ਤੋਂ ਪੰਜਾਂ ਪੁੱਤਰਾਂ ਨੂੰ ਜਨਮ ਦਿੱਤਾ।

1 – ਯੁਧਿਸ਼ਠਰ – ਧਰਮਰਾਜ, ਸਭ ਤੋਂ ਵੱਡਾ ਭਰਾ
2 – ਭੀਮ – ਬਲਸ਼ਾਲੀ ਯੋਧਾ
3 – ਅਰਜੁਨ – ਮਹਾਨ ਧਨੁਰਧਾਰੀ
4 – ਨਕੁਲ – ਸੁੰਦਰਤਾ ਅਤੇ ਘੋੜਸਵਾਰੀ ਵਿੱਚ ਨਿਪੁੰਨ
5 – ਸਹਿਦੇਵ – ਬੁੱਧੀਮਾਨ ਅਤੇ ਜੋਤਿਸ਼ ਵਿੱਦਿਆ ਦੇ ਗਿਆਤਾ

ਮੁੱਢਲਾ ਜੀਵਨ

ਪਾਂਡਵਾਂ ਦਾ ਪਾਲਣ-ਪੋਸ਼ਣ ਹਸਤਿਨਾਪੁਰ ਵਿੱਚ ਕੌਰਵਾਂ (ਉਨ੍ਹਾਂ ਦੇ ਚਾਚਾ ਧ੍ਰਿਤਰਾਸ਼ਟਰ ਦੇ ਪੁੱਤਰਾਂ) ਦੇ ਨਾਲ ਹੋਇਆ। ਪਾਂਡਵ ਹਰ ਖੇਤਰ (ਵਿੱਦਿਆ ਅਤੇ ਯੁੱਧ) ਵਿੱਚ ਕੌਰਵਾਂ ਤੋਂ ਅੱਗੇ ਸਨ।

ਸਾਜਿਸ਼ ਅਤੇ ਜਲਾਵਤਨੀ

ਕੌਰਵਾਂ ਦੇ ਮਨ ਵਿੱਚ ਪਾਂਡਵਾਂ ਪ੍ਰਤੀ ਬਹੁਤ ਈਰਖਾ ਸੀ, ਉਨ੍ਹਾਂ ਨੇ ਪਾਂਡਵਾਂ ਨੂੰ ਜਾਨੋਂ ਮਾਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ। ਬਾਅਦ ਵਿੱਚ ਇੱਕ ਛਲ-ਕਪਟ ਵਾਲੀ ਜੂਏ ਦੀ ਖੇਡ ਵਿੱਚ ਯੁਧਿਸ਼ਠਰ ਆਪਣਾ ਸਾਰਾ ਰਾਜ-ਭਾਗ ਹਾਰ ਗਏ ਅਤੇ ਉਨ੍ਹਾਂ ਨੂੰ 13 ਸਾਲ ਲਈ ਜੰਗਲ ਵਿੱਚ ਬਨਵਾਸ ਕੱਟਣਾ ਪਿਆ।

  1. ਅਗਿਆਤ ਵਾਸ ਅਤੇ ਪਾਂਡਵਾਂ ਦੀ ਆਮਦ

ਮਹਾਭਾਰਤ ਕਾਲ ਦੌਰਾਨ ਜਦੋਂ ਪਾਂਡਵਾਂ ਨੂੰ 12 ਸਾਲ ਦਾ ਬਨਵਾਸ ਅਤੇ 1 ਸਾਲ ਦਾ ਅਗਿਆਤ ਵਾਸ ਮਿਲਿਆ ਸੀ, ਤਾਂ ਉਹ ਆਪਣੇ ਅਗਿਆਤ ਵਾਸ ਦੇ ਸਮੇਂ ਦੌਰਾਨ ਇਸ ਖੇਤਰ ਵਿੱਚੋਂ ਲੰਘੇ ਸਨ। ਉਹਨਾਂ ਨੇ ਇਸ ਪਵਿੱਤਰ ਸਥਾਨ ਨੂੰ ਆਪਣੇ ਠਹਿਰਾਅ ਲਈ ਚੁਣਿਆ ਸੀ।

  1. ਪਾਂਡਵਾਂ ਦੀ ਸ਼ਿਵ ਭਗਤੀ ਅਤੇ ਗੁਫਾਵਾਂ

ਭਗਵਾਨ ਸ਼ਿਵ ਦੇ ਭਗਤ ਹੋਣ ਕਰਕੇ ਪਾਂਡਵਾਂ ਨੇ ਰਾਵੀ ਨਦੀ ਦੇ ਕੰਢੇ ਪਹਾੜਾਂ ਵਿੱਚ ਵਿਸ਼ੇਸ਼ ਗੁਫਾਵਾਂ ਬਣਾਈਆਂ ਸਨ। ਇੱਥੇ ਉਨ੍ਹਾਂ ਨੇ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ ਅਤੇ ਇੱਕ ਵਿਸ਼ੇਸ਼ ਸ਼ਿਵਲਿੰਗ ਦੀ ਸਥਾਪਨਾ ਕੀਤੀ, ਜਿਸ ਨੂੰ ਹੁਣ ਮੁਕਤੇਸ਼ਵਰ ਮਹਾਦੇਵ ਮੰਦਰ ਕਿਹਾ ਜਾਂਦਾ ਹੈ। ਇਸ ਮੰਦਰ ਦੇ ਗਰਭ-ਗ੍ਰਹਿ ਵਿੱਚ ਚਿੱਟੇ ਸੰਗਮਰਮਰ ਦਾ ਸ਼ਿਵਲਿੰਗ ਮੌਜੂਦ ਹੈ ਅਤੇ ਨੇੜੇ ਹੀ ਕਈ ਹੋਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਵੀ ਸੁਸ਼ੋਭਿਤ ਹਨ। ਮੁਕਤੇਸ਼ਵਰ ਮੰਦਿਰ ਪਠਾਨਕੋਟ ਦੇ ਨੇੜੇ ਸ਼ਾਹਪੁਰ ਕੰਢੀ ਡੈਮ ਰੋਡ ‘ਤੇ ਸਥਿਤ ਹੈ। ਜਿੱਥੇ ਭਗਵਾਨ ਗਣੇਸ਼, ਭਗਵਾਨ ਬ੍ਰਹਮਾ, ਭਗਵਾਨ ਵਿਸ਼ਨੂੰ, ਭਗਵਾਨ ਹਨੂੰਮਾਨ ਅਤੇ ਦੇਵੀ ਪਾਰਵਤੀ ਦੀਆਂ ਮੂਰਤੀਆਂ ਮੌਜੂਦ ਹਨ। ਇਹ ਮੰਦਿਰ ਪਠਾਨਕੋਟ ਦੇ ਆਲੇ-ਦੁਆਲੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ।

  1. ਮੁਕਤੀ ਦਾ ਸਥਾਨ

ਮੁਕਤੇਸ਼ਵਰ ਮੰਦਰ ਨਾਲ ਜੁੜੀ ਮਾਨਤਾ ਹੈ ਕਿ ਇੱਥੇ ਪਾਂਡਵਾਂ ਨੇ ਆਪਣੇ ਪੁਰਖਿਆਂ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾਵਾਂ ਕੀਤੀਆਂ ਸਨ। ਇਸੇ ਕਰਕੇ ਇਸ ਨੂੰ ‘ਮੁਕਤੀ’ ਅਰਥਾਤ ਮੋਕਸ਼ ਪ੍ਰਾਪਤੀ ਦਾ ਸਥਾਨ ਮੰਨਿਆ ਜਾਂਦਾ ਹੈ। ਸਕੰਦ ਪੁਰਾਣ ਦੇ ਕੁਮਾਰ ਖੰਡ ਵਿੱਚ ਵੀ ਇਸ ਪਵਿੱਤਰ ਧਾਮ ਦਾ ਵਿਸਥਾਰ ਨਾਲ ਵਰਣਨ ਮਿਲਦਾ ਹੈ।

  1. ਮੰਦਰ ਦੀਆਂ ਵਿਸ਼ੇਸ਼ਤਾਵਾਂ ਮੁਕਤੇਸ਼ਵਰ ਮੰਦਰ ਅਤੇ ਇਸਦੀਆਂ ਗੁਫਾਵਾਂ ਪ੍ਰਾਚੀਨ ਕਾਲ ਦੇ ਕਲਾਤਮਕ ਨਮੂਨੇ ਹਨ। ਇੱਥੇ ਬਣੀਆਂ ਗੁਫਾਵਾਂ ਵਿੱਚ ਪਾਂਡਵਾਂ ਦੇ ਸਮੇਂ ਦੀਆਂ ਰਸੋਈਆਂ ਅਤੇ ਹੋਰ ਚੀਜ਼ਾਂ ਦੇ ਚਿੰਨ੍ਹ ਮਿਲਦੇ ਹਨ।

ਨਦੀ ਦਾ ਸੰਗਮ

ਮੁਕਤੇਸ਼ਵਰ ਮੰਦਰ ਦੇ ਬਿਲਕੁਲ ਕੋਲ ਰਾਵੀ ਨਦੀ ਵਗਦੀ ਹੈ, ਜੋ ਇਸ ਸਥਾਨ ਨੂੰ ਬਹੁਤ ਸ਼ਾਂਤਮਈ ਅਤੇ ਕੁਦਰਤੀ ਸੁੰਦਰਤਾ ਨਾਲ ਭਰਪੂਰ ਬਣਾਉਂਦੀ ਹੈ।

  1. ਅਰਜੁਨ ਦੇ ਤੀਰ ਨਾਲ ਬਣਿਆ ਕੁੰਡ

ਕਹਾਣੀਆਂ ਅਨੁਸਾਰ ਜਦੋਂ ਪਾਂਡਵ ਇੱਥੇ ਰਹਿ ਰਹੇ ਸਨ ਤਾਂ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਦੀ ਲੋੜ ਪਈ ਤਾ ਅਰਜੁਨ ਨੇ ਆਪਣੇ ਤੀਰ ਨਾਲ ਪਹਾੜ ‘ਤੇ ਵਾਰ ਕੀਤਾ, ਜਿਸ ਨਾਲ ਉੱਥੇ ਇੱਕ ਪਾਣੀ ਦਾ ਕੁੰਡ ਬਣ ਗਿਆ ਅਤੇ ਇਸ ਪਾਣੀ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ।

  1. ਛੋਟਾ ਹਰਿਦੁਆਰ

ਮੁਕਤੇਸ਼ਵਰ ਮੰਦਰ ਨੂੰ ਪੰਜਾਬ ਦਾ ‘ਛੋਟਾ ਹਰਿਦੁਆਰ’ ਵੀ ਕਿਹਾ ਜਾਂਦਾ ਹੈ। ਜਿਹੜੇ ਲੋਕ ਕਿਸੇ ਕਾਰਨ ਕਰਕੇ ਹਰਿਦੁਆਰ ਨਹੀਂ ਜਾ ਸਕਦੇ, ਉਹ ਆਪਣੇ ਪੁਰਖਿਆਂ ਦੀਆਂ ਅਸਥੀਆਂ ਰਾਵੀ ਨਦੀ ਦੇ ਇਸੇ ਤਟ ‘ਤੇ ਪ੍ਰਵਾਹਿਤ ਕਰਦੇ ਹਨ ਤਾਂ ਜੋ ਉਹਨਾਂ ਦੀ ਆਤਮਾ ਨੂੰ ਮੁਕਤੀ ਮਿਲ ਸਕੇ।

  1. ਸ਼ਿਵਲਿੰਗ ਦੀ ਖ਼ਾਸੀਅਤ

ਮੁਕਤੇਸ਼ਵਰ ਮੰਦਰ ਵਿੱਚ ਸਥਾਪਿਤ ਸ਼ਿਵਲਿੰਗ ‘ਤੇ ਤਾਂਬੇ ਦਾ ਇੱਕ ਵਿਸ਼ੇਸ਼ ਕਵਚ ਚੜ੍ਹਾਇਆ ਹੋਇਆ ਹੈ। ਇਸ ਮੰਦਰ ਵਿੱਚ ਭਗਵਾਨ ਗਣੇਸ਼ ਅਤੇ ਮਾਤਾ ਪਾਰਵਤੀ ਦੀਆਂ ਪ੍ਰਾਚੀਨ ਮੂਰਤੀਆਂ ਵੀ ਹਨ, ਜੋ ਪਾਂਡਵਾਂ ਦੇ ਸਮੇਂ ਦੀ ਮੂਰਤੀ ਕਲਾ ਨੂੰ ਦਰਸਾਉਂਦੀਆਂ ਹਨ।

  1. ਸ਼ਾਹਪੁਰ ਕੰਢੀ ਡੈਮ ਦਾ ਪ੍ਰਭਾਵ

ਜਦੋਂ ਰਾਵੀ ਨਦੀ ‘ਤੇ ਸ਼ਾਹਪੁਰ ਕੰਢੀ ਡੈਮ ਪ੍ਰੋਜੈਕਟ ਦਾ ਕੰਮ ਸ਼ੁਰੂ ਹੋਇਆ, ਤਾਂ ਇਹ ਡਰ ਸੀ ਕਿ ਇਹ ਇਤਿਹਾਸਕ ਗੁਫਾਵਾਂ ਪਾਣੀ ਵਿੱਚ ਡੁੱਬ ਜਾਣਗੀਆਂ। ਪਰ ਸਰਕਾਰ ਅਤੇ ਸਥਾਨਕ ਲੋਕਾਂ ਦੇ ਯਤਨਾਂ ਸਦਕਾ ਮੰਦਰ ਦੇ ਆਲੇ-ਦੁਆਲੇ ਵਿਸ਼ੇਸ਼ ਸੁਰੱਖਿਆ ਕੰਧਾਂ ਬਣਾਈਆਂ ਗਈਆਂ, ਤਾਂ ਜੋ ਇਸ ਪ੍ਰਾਚੀਨ ਵਿਰਾਸਤ ਨੂੰ ਨੁਕਸਾਨ ਨਾ ਪਹੁੰਚੇ।

ਅਗਿਆਤ ਵਾਸ ਦਾ ਆਖਰੀ ਸਮਾਂ

ਸਥਾਨਕ ਲੋਕਾਂ ਅਤੇ ਪ੍ਰਾਚੀਨ ਮਾਨਤਾਵਾਂ ਅਨੁਸਾਰ ਪਾਂਡਵਾਂ ਨੇ ਆਪਣੇ 13ਵੇਂ ਸਾਲ (ਅਗਿਆਤ ਵਾਸ) ਦੇ ਆਖਰੀ ਛੇ ਮਹੀਨੇ ਇਸੇ ਸਥਾਨ ‘ਤੇ ਬਿਤਾਏ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਪਛਾਣ ਛੁਪਾ ਕੇ ਰੱਖਣੀ ਸੀ, ਇਸ ਲਈ ਰਾਵੀ ਨਦੀ ਦੇ ਕੰਢੇ ਇਹ ਸੰਘਣਾ ਜੰਗਲ ਅਤੇ ਪਹਾੜੀ ਗੁਫਾਵਾਂ ਉਨ੍ਹਾਂ ਲਈ ਸਭ ਤੋਂ ਸੁਰੱਖਿਅਤ ਥਾਂ ਸਨ।

ਸ਼ਿਵਲਿੰਗ ‘ਤੇ ਪੰਜ ਉਂਗਲਾਂ ਦੇ ਨਿਸ਼ਾਨ

ਮੰਦਰ ਦੇ ਮੁੱਖ ਗਰਭ-ਗ੍ਰਹਿ ਵਿੱਚ ਸਥਿਤ ਪ੍ਰਾਚੀਨ ਸ਼ਿਵਲਿੰਗ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਉੱਤੇ ਕੁਦਰਤੀ ਤੌਰ ‘ਤੇ ਅਜਿਹੇ ਨਿਸ਼ਾਨ ਬਣੇ ਹੋਏ ਹਨ, ਜੋ ਪਾਂਡਵਾਂ ਦੇ ਹੱਥਾਂ ਦੀਆਂ ਉਂਗਲਾਂ ਦੇ ਪ੍ਰਤੀਕ ਮੰਨੇ ਜਾਂਦੇ ਹਨ। ਸ਼ਰਧਾਲੂ ਇਨ੍ਹਾਂ ਨਿਸ਼ਾਨਾ ਦੇ ਦਰਸ਼ਨਾਂ ਨੂੰ ਬਹੁਤ ਭਾਗਾਂ ਵਾਲਾ ਮੰਨਦੇ ਹਨ।

ਫੋਟੋਗ੍ਰਾਫੀ ਅਤੇ ਕੁਦਰਤੀ ਨਜ਼ਾਰੇ

ਧਾਰਮਿਕ ਮਹੱਤਤਾ ਦੇ ਨਾਲ-ਨਾਲ ਮੁਕਤੇਸ਼ਵਰ ਮਹਾਦੇਵ ਮੰਦਰ ਅੱਜ-ਕੱਲ੍ਹ ਦੇ ਨੌਜਵਾਨਾਂ ਅਤੇ ਸੈਲਾਨੀਆਂ ਲਈ ਇੱਕ ਬਹੁਤ ਹੀ ਖੂਬਸੂਰਤ ਪਿਕਨਿਕ ਸਪਾਟ ਬਣ ਚੁੱਕਾ ਹੈ। ਪਹਾੜਾਂ ਦੇ ਉੱਪਰੋਂ ਰਾਵੀ ਨਦੀ ਅਤੇ ਸ਼ਾਹਪੁਰ ਕੰਢੀ ਡੈਮ ਦਾ ਨਜ਼ਾਰਾ ਬਹੁਤ ਹੀ ਸ਼ਾਨਦਾਰ ਦਿਖਾਈ ਦਿੰਦਾ ਹੈ।

ਪੰਜਾਬ ਸਰਕਾਰ ਦਾ ਉਪਰਾਲਾ

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪੁਰਾਤਨ ਅਤੇ ਇਤਿਹਾਸਕ ਧਾਰਮਿਕ ਸਥਾਨਾਂ ਦੀ ਸਾਂਭ-ਸੰਭਾਲ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪਠਾਨਕੋਟ ਦੇ ਪਿੰਡ ਡੋਂਗ ਵਿਖੇ ਰਾਵੀ ਦਰਿਆ ਦੇ ਕੰਢੇ ਸਥਿਤ ਸਦੀਆਂ ਪੁਰਾਣੇ ਇਤਿਹਾਸਕ ‘ਮੁਕਤੇਸ਼ਵਰ ਮਹਾਦੇਵ ਮੰਦਰ’ ਦੇ ਸੁੰਦਰੀਕਰਨ ਅਤੇ ਸ਼ਰਧਾਲੂਆਂ ਦੀਆਂ ਸਹੂਲਤਾਂ ਨੂੰ ਵਧਾਉਣ ਲਈ ਸੈਰ-ਸਪਾਟਾ ਵਿਭਾਗ ਵੱਲੋਂ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦਾ ਮੁੱਖ ਮਕਸਦ ਸਾਡੀ ਅਮੀਰ ਪੁਰਾਤਨ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣਾ ਹੈ।

Leave a Reply

Your email address will not be published. Required fields are marked *