ਪੰਜਾਬ ਜਿਸਦੀ ਆਬਾਦੀ 3 ਕਰੋੜ ਅਤੇ ਖੇਤਰਫਲ 50,362 ਵਰਗ ਕਿਲੋਮੀਟਰ ਦੇ ਆਸ ਪਾਸ ਹੈ, ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਜੋ ਪਾਣੀ ਅਤੇ ਖੇਤਾਂ ਕਰਕੇ ਸਾਨੂੰ ਸਭ ਵੱਖ-ਵੱਖ ਧਰਮਾਂ ਸੱਭਿਆਚਾਰਕ ਰਿਵਾਇਤਾਂ, ਪਰੰਪਰਾਵਾਂ ਅਤੇ ਧਾਰਮਿਕ ਸੰਸਥਾਵਾਂ ਨਾਲ ਜੋੜਦਾ ਹੈ, ਜਿਸ ਕਰਕੇ ਸਾਡੇ ਵਿੱਚ ਭਾਈਚਾਰੇ ਦੀ ਭਾਵਨਾ ਉਤਪੰਨ ਹੁੰਦੀ ਹੈ, ਜਿਸ ਕਰਕੇ ਪੰਜਾਬ ਵਿੱਚ ਵੱਸਦੇ ਵੱਖ-ਵੱਖ ਧਰਮਾਂ ਦੇ ਨਾਗਰਿਕ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ। ਜੇਕਰ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਸ ਧਰਤੀ ਨੇ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਬਹੁਤ ਕੁੱਝ ਸਿਹਾ ਹੈ, ਇਸ ਧਰਤੀ ਨੇ ਸਾਂਝੀਵਾਲਤਾ ਵੀ ਦੇਖੀ ਹੈ , ਵੰਡ ਵੀ ਦੇਖੀ ਹੈ, ਮੁਗ਼ਲ ਰਾਜ ਦੇ ਤਸ਼ੱਦਦ ਵੀ ਸਹੇ ਹਨ ਅਤੇ ਫਿਰ ਮੁੜ ਤੋਂ ਖੁਸ਼ਹਾਲੀ ਮਾਣੀ ਹੈ ।
ਬਦਲਦੇ ਯੁਗ ਨਾਲ ਸਿਮਟ ਰਹੇ ਰਿਸ਼ਤੇ
ਪੁਰਾਤਨ ਸਮੇਂ ਵਿੱਚ ਘਰ ਕੱਚੇ ਤੇ ਰਿਸ਼ਤੇ ਪੱਕੇ ਹੁੰਦੇ ਸੀ, ਘਰ ਛੋਟੇ ਅਤੇ ਰਿਸ਼ਤੇ ਮਜ਼ਬੂਤ ਤੇ ਪੱਕੇ ਹੁੰਦੇ ਸੀ। ਯੁਗ ਵਿੱਚ ਆਉਂਦੀ ਤੇਜ਼ੀ ਅਤੇ ਤਬਦੀਲੀ ਕਾਰਨ ਇਹ ਚੱਕਰ ਪੁੱਠਾ ਹੋ ਗਿਆ ਹੈ ਅੱਜ ਘਰ ਵੱਡੇ,ਪੱਕੇ ਤੇ ਰਿਸ਼ਤੇ, ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਖ਼ਤਮ ਹੁੰਦੀ ਜਾ ਰਹੀ ਹੈ ਜਾਂ ਇੰਝ ਸਮਝੀਏ ਵੀ ਖ਼ਤਮ ਹੀ ਹੋ ਚੁੱਕੀ ਹੈ । ਅੱਜ ਕੱਲ ਦੀ ਪੀੜੀ ਆਪਣੇ ਬਜ਼ੁਰਗਾਂ, ਬਹੁਤ ਹੀ ਨੇੜੇ ਦੇ ਰਿਸ਼ਤੇਦਾਰਾਂ, ਮਾਂ ਬਾਪ, ਭੈਣ ਭਰਾਵਾਂ ਨੂੰ ਦੂਰੋਂ ਅਤੇ ਉਪਰੋਂ-ਉਪਰੋਂ ਹੀ ਮਿਲਣ ਲੱਗ ਪਈ ਹੈ। ਇਸ ਦਾ ਕਾਰਨ ਪੈਸਾ ਜਾਂ ਫਿਰ ਵਿਦੇਸ਼ਾ ਵਾਂਗੂ ਫੈਲਦੇ ਰਿਤੀ ਰਿਵਾਜ਼ ਮੰਨੇ ਜਾ ਸਕਦੇ ਹਨ ।
ਸਮੇਂ ਨੇ ਬਦਲੇ ਰਿਸ਼ਤਿਆਂ ਦੇ ਨਾਮ
ਪੁਰਾਣੇ ਸਮੇਂ ਵਿੱਚ ਅਸੀਂ ਸੱਭ ਨੂੰ ਪੂਰੇ ਨਾਮ ਜਾਂ ਫਿਰ ਘਰ ਦੇ ਨਾਮ ਨਾਲ ‘ਜੀ’ ਲਾ ਕੇ ਬੁਲਾਉਂਦੇ ਸੀ , ਜਿਵੇਂ:-
”ਈਸ਼ਰ ਸਿੰਘ ਜੀ ਗੱਲ ਸੁਣਿਓ”
”ਸ਼੍ਰੀਮਾਨ ਅਵਤਾਰ ਸਿੰਘ ਜੀ ਦਾ ਮੰਚ ਉੱਤੇ ਨਿਗ੍ਹਾ ਸਵਾਗਤ ਕਰਦੇ ਹਾਂ ” ਸਮਝਾਉਣ ਦਾ ਮਤਲਬ ਹੈ ਵੀ ਅਸੀਂ ਇਸ ਤਰੀਕੇ ਨਾਲ ਇੱਕ ਦੂਸਰੇ ਨੂੰ ਬੁਲਾਉਂਦੇ ਸੀ ਅਤੇ ਅੱਜ ਦੇ ਯੁਗ ਵਿੱਚ:-
ਅਵਤਾਰ ” ਐਵੀ ” ਹੋ ਗਿਆ,
ਈਸ਼ਰ ” ਇਸ਼ੂ ” ਹੋ ਗਿਆ ਅਤੇ ਹੋਰ ਵੱਖ-ਵੱਖ ਤਰੀਕੇ ਦੇ ਨਾਮ ਤੁਸੀਂ ਸਭ ਜਾਣਦੇ ਹੀ ਹੋ। ਵਿਦੇਸ਼ਾ ਦੀ ਗੱਲ ਕਰੀਏ ਤਾਂ ਸਿੱਧਾ-ਸਿੱਧਾ ਉਨ੍ਹਾਂ ਦਾ ਹੀ ਅਸਰ ਸਾਡੇ ਤੇ ਪੈ ਗਿਆ ਹੈ , ਜ਼ਮੀਨੀ ਪਾਣੀ ਨਹੀਂ ਪੀਣਾ ਸਗੋਂ ਬੋਤਲਾਂ ਦਾ ਪੀਣਾ ਸ਼ੁਰੂ ਕਰ ਦਿੱਤਾ ਗਿਆ ਹੈ , ਰੋਟੀ ਛੱਡ ਪੀਜ਼ਾ ਖਾਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹੋਰ ਬਹੁਤ ਤਰ੍ਹਾਂ ਦੇ ਖਾਣੇ ਸਮਾਜ ਵਿੱਚ ਆ ਗਏ ਹਨ
ਨਵਯੁੱਗ ਵਿੱਚ ਸਮੇਂ ਦੀ ਘਾਟ
ਅੱਜ ਦੇ ਸਮੇਂ ਸਭ ਕੁਝ ਤੇਜ਼ ਰਫਤਾਰ ਹੋ ਗਿਆ ਹੈ , ਮਿਲਣ ਜੁਲਣ ਦਾ ਕਿਸੇ ਕੋਲ ਸਮਾਂ ਨਹੀਂ ਰਿਹਾ ਬੱਸ ਭੱਜ ਦੌੜ ਹੀ ਲੱਗੀ ਹੈ ਚਾਰੇ ਪਾਸੇ, ਪਹਿਲਾਂ ਅਸੀਂ ਇੱਕ ਦੂਜੇ ਦੇ ਘਰਾਂ ਵਿੱਚ ਜਾਂ ਕੋਈ ਸਾਡੇ ਘਰ ਆ ਮਿਲਦਾ ਸੀ ਹੁਣ ਸੜਕਾਂ ਦੇ ਇੱਕ ਪਾਸੇ ਸਕੂਟਰ, ਕਾਰਾਂ ਕੁਝ ਕ ਮਿੰਟਾਂ ਸਕਿੰਟਾਂ ਲਈ ਰੋਕ ਕੇ ਮਿਲ ਲੈਂਦੇ ਹਾਂ, ਸਾਰੇ ਦਾ ਸਾਰਾ ਟੱਬਰ ਇੱਕ ਥਾਂ ਇਕੱਠਾ ਹੋ ਜਾਂਦਾ ਸੀ ਜਿਵੇਂ ਜੰਝ ਆਈ ਹੋਵੇ, ਅੱਜ ਕੱਲ 2 ਦਿਨ ਤੋਂ ਵੱਧ ਕਿਸੇ ਨੂੰ ਰੱਖਣਾ ਕਲੇਸ਼ ਦਾ ਕਾਰਨ ਬਣਨ ਲੱਗ ਪਿਆ ਹੈ , ਰੋਟੀ ਬਾਰੇ ਸੋਚਦੇ ਹਾਂ ਕੇ ਖਾਣਗੇ ਜਾਂ ਖਾ ਕੇ ਆਏ ਨੇ , ਸਮੇਂ ਦੀ ਘਾਟ ਅਤੇ ਤਬਦੀਲੀ ਕਾਰਨ ਬਹੁਤ ਕੁਝ ਬਦਲ ਕੇ ਰੱਖ ਦਿੱਤਾ ਹੈ। ਵਿਗਿਆਨ ਅੱਗੇ ਵੱਧ ਰਿਹਾ ਹੈ ਅਸੀਂ ਰਿਸ਼ਤਿਆਂ ਵਿੱਚ ਪਿੱਛੇ ਹੁੰਦੇ ਜਾਂ ਰਹੇ ਹਾਂ, ਰਿਸ਼ਤੇ ਫਿੱਕੇ ਪੈਂਦੇ ਜਾਂ ਰਹੇ ਹਨ, ਵਿਦੇਸ਼ਾਂ ਵਿੱਚ ਬਜ਼ੁਰਗ ਪਾਰਕਾਂ ‘ਚ ਇੱਕ ਦੂਜੇ ਨਾਲ ਦੁੱਖ ਫੋਲਣ ਲੱਗ ਪਏ ਹਨ ਜਾਂ ਫਿਰ ਮਾਂ ਬਾਪ ਦੀ ਗੈਰ ਹਾਜ਼ਰੀ ‘ਚ ਬੱਚੇ ਸੰਭਾਲਦੇ ਹਨ। ਕੀ ਸੱਚਮੁੱਚ ਇਹ ਤਰੱਕੀ ਹੈ ?
ਬੀਤੇ ਸਮੇਂ ਦੀ ਸਵੇਰ ਅਤੇ ਵਿਚਾਰ
ਜੋ ਸਮਾਂ ਲੰਘ ਚੁੱਕਾ ਹੈ ਉਹ ਬਹੁਤ ਹੀ ਵਧੀਆ, ਪਿਆਰ ,ਸੱਭਿਆਚਾਰਕ, ਪਰੰਪਰਾਵਾਂ ਅਤੇ ਭਾਈਚਾਰੇ ਵਾਲਾ ਹੁੰਦਾ ਸੀ। ਇਸੇ ਕਰਕੇ ਅੱਜ ਵੀ ਗੱਲਾਂ ਹੁੰਦੀਆਂ ਹਨ, ਜੋ ਸਮਾਂ ਬੀਤ ਗਿਆ ਉਹ ਬਹੁਤ ਨੇਕ ਤੇ ਚੰਗਾ ਹੁੰਦਾ ਸੀ, ਜੋ ਮੁੜ ਨਹੀਂ ਆ ਸਕਦਾ, ਬਜ਼ੁਰਗਾਂ ਕੋਲ ਬਹਿਣਾ ਛੱਡ ਦਿੱਤਾ, ਉਨ੍ਹਾਂ ਨੂੰ ਸਹਾਰਾ ਦੇਣਾ ਛੱਡ ਦਿੱਤਾ,ਉਨ੍ਹਾਂ ਦਾ ਵੇਲਾ ਕਿਹੋ ਜਿਹਾ ਸੀ ,ਕੀ ਹੁੰਦਾ ਸੀ ਉਨ੍ਹਾਂ ਵੇਲੇ,ਬੈਲ ਗੱਡੀਆਂ ਦੀ ਗੱਲ, ਟਾਂਗਿਆਂ ਦੀ ਗੱਲ ਅਤੇ ਹੋਰ ਆਵਾਜਾਈ, ਅਜਿਹੀਆਂ ਗੱਲਾਂ ਕਰਨ ਨੂੰ ਅੱਜ ਦੀ ਪੀੜੀ ਕੋਲ ਸਮਾਂ ਨਹੀਂ ਰਿਹਾ, ਬੱਸ ਨਵੇਂ ਯੁਗ ਦੀ ਗੱਲ ਹੀ ਹੁੰਦੀ ਹੈ । ਜਿਨ੍ਹੇ ਘਰ ਦੇ ਮੈਂਬਰ ਉਨ੍ਹੇ ਕਮਰੇ ਬਣ ਗਏ ਹਨ , ਸਭ ਇਕੱਲੇ ਇਕੱਲੇ ਬੈਠਣਾ ਚੰਗਾ ਸਮਝਦੇ ਹਨ। ਵੱਡੇ ਅਤੇ ਸਤਿਕਾਰ ਯੋਗ ਬੰਦਿਆਂ ਦਾ ਧੰਨਵਾਦ ਕਰਨਾ ਵੀ ਵਿਸਾਰਦੇ ਜਾਂਦੇ ਹਨ ਜਿਵੇਂ ਕੇ ਉਪਰੋਕਤ ਸ਼ਬਦਾਂ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ, ਸਾਨੂੰ ਸੱਭ ਨੂੰ ਸੋਚਣਾ ਚਾਹੀਦਾ ਹੈ ਕੇ ਅਸੀਂ ਕਿਸ ਦਿਸ਼ਾ ਵੱਲ ਜਾ ਰਹੇ ਹਾਂ, ਕੀ ਕਰ ਰਹੇ ਹਾਂ ਅਤੇ ਸਾਡਾ ਤੇ ਆਉਣ ਵਾਲੀ ਪੀੜੀ ਦਾ ਭਵਿੱਖ ਕਿਹੋ ਜੇਹਾ ਹੋਵੇਗਾ।
ਰੰਗਲੇ ਪੰਜਾਬ ਦਾ ਸਫਰ
ਵੰਡ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਵੇਲੇ ਸਮਾਂ ਅੱਜ ਵਰਗਾ ਨਹੀਂ ਸੀ, ਚਾਰ ਚੁਫੇਰੇ ਮੇਲੇ ਲਗਦੇ ਸੀ,ਹਰ ਧਰਮ ਦੇ ਲੋਕ ਇਕੱਠੇ ਰਹਿੰਦੇ ਸਨ, ਮੁਸਲਮਾਨ ਆਪਣੇ ਹਿੰਦੂ ਅਤੇ ਸਿੱਖ ਭਰਾਵਾਂ ਨਾਲ ਇਕੱਠੇ ਹੋ ਕੇ ਈਦ, ਵਿਸਾਖੀ, ਤੀਆਂ, ਦੀਵਾਲੀ,ਹੋਲੀ ਵਰਗੇ ਜਸ਼ਨ ਮਨਾਉਂਦੇ ਸਨ। ਵੱਖ-ਵੱਖ ਮੌਕਿਆਂ ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਗੁਆਂਢੀਆਂ ਅਤੇ ਦੋਸਤਾਂ ਨੂੰ ਮਿਲਣ, ਤੋਹਫ਼ਿਆਂ ਦਾ ਅਦਾਨ-ਪ੍ਰਦਾਨ ਕਰਨ ਅਤੇ ਇਕੱਠੇ ਤਿਉਹਾਰਾਂ ਦੇ ਖਾਣੇ ਦਾ ਅਨੰਦ ਲੈਣ ਦਾ ਵੀ ਸਮਾਂ ਹੁੰਦਾ ਸੀ । ਦੁਨੀਆਂ ਦੇ ਹੋਰ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਇਸ ਖੁਸ਼ੀ ਦੇ ਮੌਕੇ ਦੌਰਾਨ ਦਾਨ ਅਤੇ ਸਦਭਾਵਨਾ ਦੀ ਭਾਵਨਾ ‘ਤੇ ਜ਼ੋਰ ਦਿੱਤਾ ਜਾਂਦਾ ਸੀ । ਫਿਰ ਆਇਆ ਕਾਲਾ ਦੌਰ, ਮੁਲਕ ਵੱਖ ਹੋ ਗਏ। ਪੰਜਾਬ ਨੇ ਆਜ਼ਾਦੀ ਤੋਂ ਬਾਅਦ ਬਹੁਤ ਦੁੱਖ ਤਕਲੀਫ ਦੇਖੀ ਅਤੇ ਹਮੇਸ਼ਾਂ ਸਿਰ ਉਚਾ ਕਰਕੇ ਜ਼ਿੰਦਗੀ ਦਾ ਸਵਾਗਤ ਕੀਤਾ ਹੈ। ਬੇਸ਼ੱਕ ਬਦਲਦੇ ਦੌਰ ਵਿੱਚ ਪੀੜੀਆਂ ਅਤੇ ਸਮਾਜ ਬਦਲ ਗਿਆ ਹੈ, ਰਿਸ਼ਤੇ ਫਿੱਕੇ ਪੈ ਗਏ ਹਨ ਅਤੇ ਸਮਾਜ ਦਾ ਅਕਸ ਮੈਲਾ ਹੋ ਗਿਆ ਹੈ ਪਰ ਅਜਿਹੇ ਦੌਰ ਨੂੰ ਸੁਧਾਰ ਦੇਣਾ ਪੰਜਾਬੀਆਂ ਦੇ ਆਪਣੇ ਹੱਥ ਵਿੱਚ ਹੈ। ਸਮਾਂ ਫਿਰ ਬਦਲੇਗਾ, ਫਿਰ ਰਿਸ਼ਤਿਆਂ ਨੂੰ ਬੂਰ ਪੈਣਗੇ, ਇੱਜ਼ਤ ਮਾਣ ਦੀਆਂ ਬਾਤਾਂ ਪੈਣਗੀਆਂ, ਸੱਥਾਂ ਵਿੱਚ ਰੌਣਕਾਂ ਹੋਣਗੀਆਂ।