ਹਰ ਸਾਲ 10 ਅਕਤੂਬਰ ਨੂੰ ਦੁਨੀਆ ਭਰ ਵਿੱਚ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਵਿੱਚ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ, ਭਰਮਾਂ ਨੂੰ ਤੋੜਨਾ ਅਤੇ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਸਹਿਯੋਗ ਪੈਦਾ ਕਰਨਾ ਹੈ। ਮਾਨਸਿਕ ਸਿਹਤ ਸਿਰਫ਼ ਬਿਮਾਰੀ ਨਾ ਹੋਣ ਦਾ ਨਾਮ ਨਹੀਂ, ਬਲਕਿ ਇੱਕ ਅਜਿਹੀ ਅਵਸਥਾ ਹੈ ਜਿਸ ਵਿੱਚ ਵਿਅਕਤੀ ਆਪਣੀ ਦਿਨ ਦੀ ਰੂਟੀਨ ਨੂੰ ਖੁਸ਼ੀ, ਧੀਰਜ ਅਤੇ ਸੰਤੁਲਨ ਨਾਲ ਬਿਤਾਉਂਦਾ ਹੈ। ਜਿਵੇਂ ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਖੁਰਾਕ, ਕਸਰਤ ਅਤੇ ਆਰਾਮ ਦੀ ਲੋੜ ਹੁੰਦੀ ਹੈ, ਉਸ ਥਾਂ ਧਿਆਨ ਮਨ ’ਤੇ ਵੀ ਦੇਣਾ ਬਹੁਤ ਜ਼ਰੂਰੀ ਹੈ।
ਮਾਨਸਿਕ ਸਿਹਤ ਦੀ ਮਹੱਤਤਾ
ਅੱਜ ਦੇ ਤੇਜ਼ ਰਫ਼ਤਾਰ ਜੀਵਨ ਵਿੱਚ ਤਣਾਅ , ਚਿੰਤਾ ਅਤੇ ਡਿਪ੍ਰੈਸ਼ਨ ਆਮ ਸਮੱਸਿਆਵਾਂ ਬਣ ਗਈਆਂ ਹਨ। ਬਹੁਤ ਵਾਰੀ ਲੋਕ ਇਨ੍ਹਾਂ ਲੱਛਣਾਂ ਨੂੰ ਅਣਦੇਖਿਆ ਕਰ ਦਿੰਦੇ ਹਨ, ਪਰ ਜੇ ਇਨ੍ਹਾਂ ‘ਤੇ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਗੰਭੀਰ ਰੂਪ ਧਾਰ ਸਕਦੇ ਹਨ। ਮਾਨਸਿਕ ਸਿਹਤ ਸਾਡੇ ਰਿਸ਼ਤਿਆਂ, ਕੰਮ ਕਰਨ ਦੀ ਯੋਗਤਾ, ਫ਼ੈਸਲੇ ਕਰਨ ਦੀ ਸਮਰੱਥਾ ਅਤੇ ਜੀਵਨ ਦੇ ਆਨੰਦ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਹੈ।
- ਚਿੰਤਾ : ਹਰ ਗੱਲ ਵਿੱਚ ਬੇਕਾਰ ਦੀ ਫਿਕਰ ਕਰਨਾ।
- ਡਿਪ੍ਰੈਸ਼ਨ : ਹਮੇਸ਼ਾਂ ਉਦਾਸ ਰਹਿਣਾ, ਕਿਸੇ ਵੀ ਕੰਮ ਵਿੱਚ ਰੁਚੀ ਨਾ ਹੋਣਾ।
- ਨੀਂਦ ਦੀ ਕਮੀ : ਸਹੀ ਤਰੀਕੇ ਨਾਲ ਨੀਂਦ ਨਾ ਆਉਣਾ।
- ਮਾਨਸਿਕ ਥਕਾਵਟ : ਬਹੁਤ ਜ਼ਿਆਦਾ ਕੰਮ ਦੇ ਬੋਝ ਕਾਰਨ ਮਨ ਦਾ ਥੱਕ ਜਾਣਾ।
ਇਹ ਸਮੱਸਿਆਵਾਂ ਸਿਰਫ਼ ਵੱਡਿਆਂ ਤੱਕ ਸੀਮਿਤ ਨਹੀਂ ਹਨ, ਸਗੋਂ ਬੱਚਿਆਂ ਅਤੇ ਨੌਜਵਾਨਾਂ ਵਿੱਚ ਵੀ ਵਧ ਰਹੀਆਂ ਹਨ ਜਿਸਨੂੰ ਕੁਝ ਤਰੀਕਿਆਂ ਨਾਲ ਘਟਾਇਆ ਜਾ ਸਕਦਾ ਹੈ ।
ਮਾਨਸਿਕ ਸਿਹਤ ਤੰਦਰੁਸਤ ਰੱਖਣ ਲਈ ਅਪਣਾਏ ਜਾ ਸਕਦੇ ਕਦਮ
1 ਸੰਤੁਲਿਤ ਜੀਵਨ ਜਿਉਣਾ: ਕੰਮ ਅਤੇ ਨਿੱਜੀ ਜੀਵਨ ਵਿੱਚ ਸੰਤੁਲਨ ਰੱਖਣਾ ਚਾਹੀਦਾ ਹੈ।
2 ਕਸਰਤ ਤੇ ਧਿਆਨ: ਰੋਜ਼ਾਨਾ ਘੱਟੋ-ਘੱਟ ਅੱਧਾ ਘੰਟਾ ਸਰੀਰਕ ਕਸਰਤ ਜਾਂ ਯੋਗ ਕਰਨਾ।
3 ਸਹੀ ਖ਼ੁਰਾਕ: ਤਾਜ਼ਾ ਫਲ, ਸਬਜ਼ੀਆਂ ਅਤੇ ਪੋਸ਼ਟਿਕ ਖਾਣੇ ਦਾ ਸੇਵਨ ਕਰਨਾ।
4 ਚੰਗੀ ਨੀਂਦ: ਸਾਨੂ 7-8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ, ਜੋ ਮਨ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੀ ਹੈ।
5 ਡਿਜਿਟਲ ਬ੍ਰੇਕ: ਸੋਸ਼ਲ ਮੀਡੀਆ ਅਤੇ ਮੋਬਾਈਲ ਤੋਂ ਕੁਝ ਸਮਾਂ ਦੂਰ ਰਹਿਣਾ ਮਨ ਲਈ ਬੇਹੱਦ ਲਾਭਦਾਇਕ ਹੈ।
6 ਮਦਦ ਲਵੋ: ਜੇਕਰ ਲੱਛਣ ਗੰਭੀਰ ਹਨ ਤਾਂ ਮਾਹਰਾਂ ਦੀ ਸਲਾਹ ਜ਼ਰੂਰ ਲਵੋ।
ਵੱਡੀਆਂ ਰੁਕਾਵਟਾਂ
ਮਾਨਸਿਕ ਸਿਹਤ ਨਾਲ ਜੁੜੀਆਂ ਵੱਡੀਆਂ ਰੁਕਾਵਟਾਂ ਵਿੱਚੋਂ ਇੱਕ ਹੈ “ਸਟਿਗਮਾ”, ਅਰਥਾਤ ਲੋਕਾਂ ਵੱਲੋਂ ਇਸਨੂੰ ਨਾਕਾਰਾਤਮਕ ਤਰੀਕੇ ਨਾਲ ਦੇਖਣਾ। ਅਕਸਰ ਮਾਨਸਿਕ ਬਿਮਾਰੀਆਂ ਵਾਲੇ ਲੋਕਾਂ ਨੂੰ ਕਮਜ਼ੋਰ ਜਾਂ ਅਜੀਬ ਸਮਝਿਆ ਜਾਂਦਾ ਹੈ। ਇਹ ਸੋਚ ਬਦਲਣੀ ਬਹੁਤ ਜ਼ਰੂਰੀ ਹੈ। ਜਿਵੇਂ ਅਸੀਂ ਬੁਖ਼ਾਰ ਜਾਂ ਸ਼ੂਗਰ ਲਈ ਡਾਕਟਰ ਕੋਲ ਜਾਂਦੇ ਹਾਂ, ਉਸ ਤਰ੍ਹਾਂ ਮਾਨਸਿਕ ਸਮੱਸਿਆਵਾਂ ਲਈ ਮਾਹਰ ਦੀ ਸਲਾਹ ਲੈਣੀ ਕੋਈ ਸ਼ਰਮ ਦੀ ਗੱਲ ਨਹੀਂ।
ਸਾਰ
ਵਿਸ਼ਵ ਮਾਨਸਿਕ ਸਿਹਤ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਮਨ ਦੀ ਸੰਭਾਲ ਵੀ ਉਹਨੀਂ ਹੀ ਮਹੱਤਵਪੂਰਨ ਹੈ ਜਿੰਨ੍ਹੀ ਸਰੀਰ ਦੀ। ਜੇਕਰ ਅਸੀਂ ਆਪਣੇ ਵਿਚਾਰਾਂ, ਭਾਵਨਾਵਾਂ ਅਤੇ ਤਣਾਅ ਨੂੰ ਸਹੀ ਤਰੀਕੇ ਨਾਲ ਸੰਭਾਲਣਾ ਸਿੱਖ ਗਏ , ਤਾਂ ਜੀਵਨ ਜ਼ਿਆਦਾ ਖੁਸ਼ਹਾਲ ਅਤੇ ਸੰਤੁਲਿਤ ਹੋ ਸਕਦਾ ਹੈ।
