ਪੰਜਾਬੀ ਰੰਗਮੰਚ

20ਵੀਂ ਸਦੀ ਦੇ ਆਰੰਭ ਤੋਂ ਪਹਿਲਾਂ ਹੀ ਪੰਜਾਬੀ ਨਾਟਕ ਦੇ ਲਈ ਬਹੁਤ ਸਾਰੇ ਅਨੁਸਾਰੀ ਹਾਲਾਤ ਪੈਦਾ ਹੋ ਚੁੱਕੇ ਸਨ। ਪੱਛਮੀ ਸੱਭਿਆਚਾਰ ਦੇ ਸਕੂਲਾਂ ਦੇ ਖੁੱਲ੍ਹਣ ਕਾਰਨ ਲੋਕ ਪੱਛਮੀ ਪ੍ਰਭਾਵ ਥੱਲੇ ਆ ਰਹੇ ਸਨ। 1910-11 ਵਿੱਚ ਲਾਹੌਰ ਵਿੱਚ ਦੋ ਪੇਸ਼ਾਵਰ ਥੀਏਟਰ ਸਥਾਪਿਤ ਹੋ ਗਏ, ਇੱਕ ਆਗ਼ਾ ਹਸ਼ਰ ਦਾ ਅਤੇ ਦੂਜਾ ਮਾਸਟਰ ਰਹਿਮਤ ਅਲੀ ਦਾ। ਇਸ ਪ੍ਰਸੰਗ ਨੂੰ ਜੇ ਪੰਜਾਬੀ ਨਾਟਕ ਦੇ ਨਿਕਾਸ ਦਾ ਆਧਾਰ ਮੰਨ ਲਿਆ ਜਾਵੇ ਤਾ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਭਾਈ ਵੀਰ ਸਿੰਘ ਦੇ 1910 ਵਿੱਚ ਛਪੇ ਪਹਿਲੇ ਨਾਟਕ ਸੰਸਕ੍ਰਿਤ ਦੇ ਪ੍ਰਭਾਵਾ ਅਧੀਨ ‘ਰਾਜਾ ਲੱਖਦਾਤਾ’ ਨੂੰ ਲਿਆ ਜਾ ਸਕਦਾ ਹੈ। ਬਾਬਾ ਬੁੱਧ ਸਿੰਘ ਦਾ 1909 ਵਿੱਚ ਛਪਿਆ ਨਾਟਕ ‘ਚੰਦਰ ਹਰੀ’ ਸੀ। ਇਸ ਸਮੇਂ ਪੰਜਾਬ ਅੰਦਰ ਕੁਝ ਰਾਸਧਾਰੀਆਂ ਦੀਆਂ ਮੰਡਲੀਆ ਰਾਸਾ ਪਾਉਣ ਲੱਗ ਪਈਆਂ ਸਨ। ਇਸੇ ਦੌਰਾਨ ਹੀ ਪੰਜਾਬੀ ਨਾਟਕ ਤੇ ਰੰਗਮੰਚ ਦੀ ਉਤਪੱਤੀ ਸੰਭਵ ਹੋਈ, ਜਿਸਨੂੰ ਨਵੀਆਂ ਤੇ ਨਰੋਈਆਂ ਲੀਹਾਂ ‘ਤੇ ਪਾਉਣ ਦਾ ਕੰਮ ਮਿਸਿਜ਼ ਨੌਰਾ ਰਿਚਡਜ਼ ਨੇ ਕੀਤਾ ਦਿਆਲ ਸਿੰਘ ਕਾਲਜ ਲਾਹੌਰ ਦੇ ਇੱਕ ਅੰਗਰੇਜ਼ ਪ੍ਰੋਫੈਸਰ ਦੀ ਪਤਨੀ ਸੀ ਤੇ 1911 ਵਿੱਚ ਲਾਹੌਰ ਆਈ ਸੀ। ਆਈ. ਸੀ. ਨੰਦਾ ਉਹਨਾਂ ਦਿਨਾਂ ਵਿੱਚ ਦਿਆਲ ਸਿੰਘ ਕਾਲਜ ਦਾ ਵਿਦਿਆਰਥੀ ਸੀ ਜਿਸ ਨੇ ਇਨ੍ਹਾਂ ਦੀ ਪ੍ਰੇਰਨਾ ਰਹੀ 1913 ਵਿੱਚ ਦੁਲਹਨ(ਸੁਹਾਗ) ਨਾਟਕ (ਅਸਲ ‘ਚ ਇਕਾਂਗੀ) ਲਿਖਿਆ ਸੀ। ਐੱਸ. ਐੱਸ. ਭਟਨਾਗਰ ਦਾ 1912 ਵਿੱਚ ਕਰਾਮਾਤ, ਬਲਰਾਜ ਸਾਹਨੀ ਦਾ ਦੀਨੇ ਦੀ ਜੰਝ (1914) ਪੰਜਾਬੀ ਨਾਟਕ ਦੇ ਨਿਕਾਸ ਤੇ ਵਿਕਾਸ ਵਿੱਚ ਦੋ ਸਕਸ਼ੀਅਤਾਂ ਮਿਸਿਜ਼ ਨੌਰਾ ਤੇ ਆਈ. ਸੀ. ਨੰਦਾ ਦਾ ਮੁੱਢਲਾ ਯੋਗਦਾਨ ਹੈ।

ਨਾਟਕ ਅਰਥ ਅਤੇ ਪਰਿਭਾਸ਼ਾ

ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘ਡ੍ਰੇਨ’ ਤੋਂ ਨਿਕਲਿਆ ਹੈ, ਜਿਸਦਾ ਅਰਥ ‘ਟੂ ਡੂ’ (ਇਨੈਸ਼ਨ) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ।

ਨਾਟਕ ਦੇ ਤੱਤ

ਭਾਰਤੀ ਅਤੇ ਪੱਛਮੀ ਵਿਦਵਾਨਾਂ ਨੇ ਨਾਟਕ ਵਿਚ ਕਾਰਜਸ਼ੀਲ ਤੱਤਾਂ ਦੇ ਬਾਰੇ ਵੱਖ-ਵੱਖ ਵਿਚਾਰ ਦਿੱਤੇ ਹਨ। ਭਰਤ ਮੁਨੀ ਨੇ ਨਾਟਯ ਸ਼ਾਸਤਰ ਵਿਚ ਨਾਟਕ ਦੇ ਲਈ ਉਪਯੋਗੀ ਤੱਤਾਂ ਦੇ ਬਾਰੇ ਵਿਸਥਾਰਪੂਰਵਕ ਗੱਲ ਕਰਦੇ ਹੋਏ ਵਸਤੂ ਨੇਤਾ (ਨਾਇਕ) ਅਤੇ ਰਸ ਨੂੰ ਨਾਟਕ ਦੇ ਲਾਜ਼ਮੀ ਤੱਤ ਮੰਨਿਆ ਹੈ। ਭਰਤ ਮੁਨੀ ਅਨੁਸਾਰ ਨਾਟਕ ਵਿੱਚ ਵਸਤੂ ਇੱਕ ਮਹੱਤਵਪੂਰਨ ਤੱਤ ਹੈ, ਜਿਸ ਨੂੰ ਨਾਟਕ ਦਾ ਸਰੀਰ ਵੀ ਕਿਹਾ ਜਾ ਸਕਦਾ ਹੈ। ਭਰਤ ਮੁਨੀ ਅਨੁਸਾਰ ਨਾਟਕ ਲਈ ਅਗਲਾ ਮਹੱਤਵਪੂਰਨ ਤੱਤ ਨੇਤਾ/ਪਾਤਰ/ਨਾਇਕ ਹੈ। ਨਾਟਕ ਵਿਚਲੇ ਮੁੱਖ ਪਾਤਰ ਨੂੰ ਨੇਤਾ ਜਾਂ ਨਾਇਕ ਕਿਹਾ ਜਾਂਦਾ ਹੈ। ਨਾਟਕ ਵਿੱਚ ਪਾਤਰ ਦੇ ਸੁਭਾ, ਆਚਾਰ- ਵਿਹਾਰ, ਆਦਿ ਨੂੰ ਮੁੱਖ ਰੱਖ ਕੇ ਘਟਨਾਵਾਂ ਅੱਗੇ ਤੁਰਦੀਆਂ ਹਨ। ਨਾਟਕ ਵਿਚ ਮਨੁੱਖੀ ਜੀਵਨ ਦਾ ਸਾਰ ਪਾਤਰ ਦੁਆਰਾ ਹੀ ਪੇਸ਼ ਕੀਤਾ ਜਾਂਦਾ ਹੈ। ਨਾਟਯ ਸ਼ਾਸ਼ਤਰ ਵਿਚ ਭਰਤ ਮੁਨੀ ਨੇ ਰਸ ਨੂੰ ਨਾਟਕ ਦੀ ਆਤਮਾ ਦਾ ਦਰਜਾ ਦਿੰਦੇ ਹੋਏ ਇਸਦੇ ਮਹੱਤਵ ਦੇ ਬਾਰੇ ਗੱਲ ਕੀਤੀ ਹੈ। ਭਰਤ ਅਨੁਸਾਰ ਨਾਟਕ ਦੀ ਪੇਸ਼ਕਾਰੀ ਰਸ ਦੀ ਅਨੁਭੂਤੀ ਕਰਨਾ ਹੀ ਹੈ। ਨਾਟਕ ਵਿਚ ਆਨੰਦ ਜਾਂ ਸੁਆਦ ਨੂੰ ਪੇਸ਼ ਕਰਨ ਲਈ ਰਸ ਦਾ ਹੋਣਾ ਜ਼ਰੂਰੀ ਹੈ। ਨਾਟਕ ਵਿਚ ਅੱਠ ਰਸਾਂ ਦੀ ਗੱਲ ਕੀਤੀ ਹੈ ਜਿਵੇਂ:- ਸ਼ਿੰਗਾਰ ਰਸ, ਹਾਸ ਰਸ, ਕਰੁਣਾ ਰਸ, ਰੌਦਰ ਰਸ, ਵੀਰ ਰਸ, ਭਿਆਨਕ ਰਸ, ਵੀਭਤਸ ਰਸ, ਅਦਭੁੱਤ ਰਸ ਜਿਨ੍ਹਾਂ ਦੀ ਵਰਤੋਂ ਨਾਟਕ ਵਿਚ ਕੀਤੀ ਜਾਂਦੀ ਹੈ।

ਪੰਜਾਬ ਦਾ ਲੋਕ ਨਾਟ
ਪੰਜਾਬ ਦਾ ਲੋਕ ਨਾਟ ਪੰਜਾਬ ਦੇ ਪਿੰਡਾਂ ਦੀਆਂ ਸੱਥਾਂ ਵਿਚ ਜੰਮਿਆ ਪਲਿਆ ਹੈ ,ਇਥੋਂ ਹੀ ਉਸ ਵਿੱਚ ਨਿਖ਼ਾਰ ਆਇਆ ਤੇ ਪ੍ਰਫੁੱਲਿਤ ਹੋਇਆ ਹਨ। ਲੋਕ ਨਾਟਾਂ ਨੂੰ ਪਿੰਡ ਦੇ ਭੰਡ ,ਨਕਲੀਏ ,ਮਰਾਸੀ ਤੇ ਰਾਸਧਾਰੀਏ ਆਪਣੇ ਲਹੂ -ਪਸੀਨੇ ਨਾਲ ਪਾਲਦੇ ਰਹੇ ਹਨ। ਪੰਜਾਬ ਵਿੱਚ ਵਿਆਹ ਸ਼ਾਦੀਆਂ ਦੇ ਸਮਾਗਮਾਂ ਵਿੱਚ ਭੰਡਾਂ ਦੁਆਰਾ ਆਪਣੀ ਕਲਾ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਾ ਕੁਝ ਦਹਾਕੇ ਪਹਿਲਾਂ ਤੱਕ ਬੜਾ ਆਮ ਸੀ। ਮੁੰਡੇ ਦੀ ਬਰਾਤ ਵਿੱਚ ਵੀ ਉਹ ਨਾਲ ਜਾਂਦੇ। ਭੰਡ ਆਪਣੀ ਨਾਟਕੀ ਕਲਾ ਦੁਆਰਾ ਹੀ ਆਪਣਾ ਰੁਜ਼ਗਾਰ ਚਲਾਉਂਦੇ ਸਨ। ਬੇਲਾਂ ਦੇ ਰੂਪ ਵਿੱਚ ਇਕੱਤਰ ਕਮਾਈ ਨਾਲ ਹੀ ਉਹਨਾਂ ਦੇ ਘਰ ਚੱਲਦੇ, ਹੁਣ ਵੀ ਕਦੇ-ਕਦੇ ਇਹ ਲੋਕ ਮਿਲ ਜਾਂਦੇ ਹਨ।

ਨਾਟਕਾਂ ਦੇ ਵੱਖ-ਵੱਖ ਰੂਪ

ਨਾਟਕਾਂ ਦੀ ਸ਼ੁਰੂਆਤ ਲੋਕ ਨਾਟ ਪਰੰਪਰਾ ਤੋਂ ਮੰਨੀ ਜਾਂਦੀ ਹੈ। ਹਰ ਖੇਤਰ ਦੇ ਲੋਕ ਨਾਟਕ ਨੂੰ ਹੀ ਸਸਤਰੀ ਵਿਸ਼ੇਸ਼ ਨਾਟਕ ਦਾ ਜਨਮਦਾਤਾ ਮੰਨਿਆ ਗਿਆ ਹੈ ਨਾਟਕ ਦੇ ਵੱਖ-ਵੱਖ ਰੂਪਾਂ ਦੇ ਬਾਰੇ ਸੰਖੇਪ ਵਰਨ ਹੇਠ ਲਿਖੇ ਅਨੁਸਾਰ ਹਨ
1 ) ਪੂਰਾ ਨਾਟਕ
2 ) ਇਕਾਂਗੀ ਨਾਟਕ
3 ) ਲਘੂ ਨਾਟਕ
4 ) ਇਕ ਪਾਤਰੀ ਨਾਟਕ
5 ) ਰੇਡੀਓ ਨਾਟਕ
6) ਕਾਵਿ ਨਾਟਕ
7) ਗੀਤ ਨਾਟਕ
8) ਮੂਕ ਨਾਟਕ
9) ਟੀ.ਵੀ. ਨਾਟਕ
10) ਪਰਛਾਵਾਂ ਨਾਟਕ
11) ਨੁੱਕੜ ਨਾਟਕ

Leave a Reply

Your email address will not be published. Required fields are marked *