ਹਰਿਆਲੀ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ
ਵਿਸਾਖੀ ਪੰਜਾਬ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ, ਜੋ ਕਿ ਹਰਿਆਲੀ, ਖੁਸ਼ਹਾਲੀ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਪੰਜਾਬ, ਭਾਰਤ ਦਾ ਹਰੇ-ਭਰੇ ਖੇਤਰਾਂ ਵਾਲਾ ਸੂਬਾ ਹੈ, ਜਿੱਥੇ ਜ਼ਿਆਦਾਤਰ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ ਅਤੇ ਖੇਤੀ ਹੀ ਇਥੋਂ ਦੇ ਸੂਬਾ ਵਾਸੀਆਂ ਦੀ ਮੁੱਖ ਰੋਜ਼ੀ-ਰੋਟੀ ਹੈ। ਉੱਤਰੀ ਭਾਰਤ ਵਿੱਚ ਪੰਜਾਬ ਦੀ ਜ਼ਮੀਨ ਸਭ ਤੋਂ ਉਪਜਾਊ ਹੈ, ਜਿਸ ਵਿੱਚ ਅਨੇਕਾਂ ਸਬਜ਼ੀਆਂ, ਝੋਨਾ, ਮੱਕੀ, ਕਣਕ, ਗੰਨਾ ਅਤੇ ਕਪਾਹ ਵਰਗੀਆਂ ਮੁੱਖ ਫ਼ਸਲਾਂ ਬੀਜੀਆਂ ਜਾਂਦੀਆਂ ਹਨ।
ਇਹਨਾਂ ਸਭ ਫ਼ਸਲਾਂ ਵਿੱਚ ਕਣਕ ਨੂੰ ਖ਼ਾਸ ਅਹਿਮੀਅਤ ਪ੍ਰਾਪਤ ਹੈ। ਕਿਸਾਨ ਵਿਸਾਖੀ ਦੇ ਤਿਉਹਾਰ ਤੇ ਕਣਕ ਦੀ ਵਾਢੀ ਦੀ ਸ਼ੁਰੂਆਤ ਕਰਦੇ ਹਨ ਅਤੇ ਇਹ ਸਮਾਂ ਕਿਸਾਨਾਂ ਲਈ ਮਿਹਨਤ ਦਾ ਫ਼ਲ ਪ੍ਰਾਪਤ ਹੁੰਦਾ ਹੈ। ਵਿਸਾਖੀ ਦਾ ਤਿਉਹਾਰ ਪੰਜਾਬ ਭਰ ਵਿੱਚ ਸਿਰਫ਼ ਕਿਰਸਾਨੀ ਨਾਲ ਹੀ ਨਹੀਂ, ਸਗੋਂ ਸਿੱਖ ਇਤਿਹਾਸ ਵਿੱਚ ਵੀ ਵਿਸ਼ੇਸ਼ ਮਹੱਤਵ ਰੱਖਦਾ ਹੈ।
1699 ਈਸਵੀ ਵਿੱਚ ਵਿਸਾਖੀ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ।1919 ਈਸਵੀ ਵਿੱਚ ਇਸ ਦਿਨ ਦੀ ਇੱਕ ਹੋਰ ਮਹੱਤਵਪੂਰਨ ਦੁਰਘਟਨਾ ਵਾਪਰੀ, ਜਦੋਂ ਅੰਗਰੇਜ਼ੀ ਰਾਜ ਹੇਠ ਜਲਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ ਹਤਿਆਕਾਂਡ ਹੋਇਆ। ਆਓ ਵਿਸਾਖੀ ਦੇ ਵਿਸ਼ੇਸ਼ ਇਤਿਹਾਸ ਬਾਰੇ ਵਿਸਥਾਰ ਵਿੱਚ ਜਾਣੀਏ।
ਵਿਸਾਖੀ ‘ਤੇ ਕਣਕ ਫ਼ਸਲ ਦੀ ਵਾਢੀ
ਵਸਾਖ ਮਹੀਨੇ ਦੀ ਪਹਿਲੀ ਤਾਰੀਕ ਨੂੰ ਸੂਬੇ ਵਿੱਚ ਲੱਗਣ ਵਾਲੇ ਮੇਲੇ ਨੂੰ ਵਿਸਾਖੀ ਕਹਿੰਦੇ ਹਨ। ਇਸ ਸ਼ੁਭ ਦਿਹਾੜੇ ‘ਤੇ ਕਿਸਾਨ ਆਪਣੀ ਸੁਨਹਿਰੀ ਕਣਕ ਦੀਆਂ ਫ਼ਸਲਾ ਦੀ ਕਟਾਈ ਦੀ ਸ਼ੁਰੂਆਤ ਕਰਦੇ ਹਨ ਅਤੇ ਇਹ ਖ਼ਾਸ ਸਮਾਂ ਹੁੰਦਾ ਹੈ ਜਦੋਂ ਕਿਸਾਨ ਆਪਣੀ ਮਿਹਨਤ ਨਾਲ ਕਣਕ ਦੀ ਫ਼ਸਲ ਨੂੰ ਖੇਤਾਂ ਵਿੱਚ ਪੱਕੀ ਹੋਈ ਦੇਖ ਕੇ ਖੁਸ਼ੀ ਨੂੰ ਮਨਾਉਂਦੇ ਹਨ।
ਵਿਸਾਖੀ ਦੀਆਂ ਰੀਤਾਂ ਅਤੇ ਰਸਮਾਂ ਵਿੱਚ ਨਵੇਂ ਜੀਵਨ ਦੀ ਸ਼ੁਰੂਆਤ, ਨਵੇਂ ਸੰਕਲਪ ਅਤੇ ਖੁਸ਼ਹਾਲ ਭਵਿੱਖ ਦੀ ਕਲਪਨਾ ਜੁੜੀ ਹੋਈ ਹੈ। ਕਿਸਾਨ ਆਪਣੀ ਫ਼ਸਲ ਦੀ ਕਟਾਈ ਕਰਕੇ ਰੱਬ ਦਾ ਸ਼ੁਕਰਾਨਾ ਕਰਦੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਨਵੀਂ ਫ਼ਸਲ ਲਈ ਅਰਦਾਸ ਕਰਦੇ ਹਨ।
ਪੰਜਾਬ ਵਿੱਚ ਖੇਤੀਬਾੜੀ ਲਈ ਵਰਤੀ ਜਾਣ ਵਾਲੀ ਕੁੱਲ ਜ਼ਮੀਨ ਲਗਭਗ 4.2 ਮਿਲੀਅਨ ਹੈਕਟੇਅਰ ਹੈ ਅਤੇ ਇਹ ਰਕਬਾ ਭਾਰਤ ਦੇ ਕੁੱਲ ਖੇਤੀਯੋਗ ਖੇਤਰ ਦਾ ਤਕਰੀਬਨ ਤਿੰਨ ਫ਼ੀਸਦੀ ਬਣਦਾ ਹੈ। ਇਸ ਛੋਟੀ ਜਿਹੀ ਹਿੱਸੇਦਾਰੀ ਦੇ ਬਾਵਜੂਦ ਵੀ ਪੰਜਾਬ ਦੁਨੀਆਂ ਵਿੱਚ ਕਣਕ ਦੇ ਉਤਪਾਦਨ ਵਿੱਚ 7ਵੇਂ ਸਥਾਨ ‘ਤੇ ਹੈ ਅਤੇ ਭਾਰਤ ਦੇ ਰਾਸ਼ਟਰੀ ਖੇਤੀਬਾੜੀ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।
ਪੰਜਾਬ ਰਾਜ ਨੂੰ “ਭਾਰਤ ਦਾ ਅਨਾਜ ਭੰਡਾਰ” ਵੀ ਕਿਹਾ ਜਾਂਦਾ ਹੈ। ਇਸ ਸਫ਼ਲਤਾ ਦੇ ਪਿੱਛੇ ਪੰਜਾਬੀ ਕਿਸਾਨਾਂ ਦੀ ਅਟੁੱਟ ਮਿਹਨਤ, ਵਿਗਿਆਨਕ ਤਰੀਕਿਆਂ ਦੀ ਅਪਣਾਉਣ ਅਤੇ ਖੇਤੀਬਾੜੀ ਅਧਿਕਾਰੀਆਂ ਦੀ ਸਮਰਪਿਤ ਸੇਵਾ ਦਾ ਵੱਡਾ ਹੱਥ ਹੈ।
ਵਿਸਾਖੀ ਦੇ ਦਿਨ ਸੂਬੇ ਭਰ ਵਿੱਚ ਰੌਣਕਾਂ ਛਾ ਜਾਂਦੀਆਂ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਸ਼ੇਸ਼ ਮੇਲੇ ਅਤੇ ਅਖਾੜੇ ਲੱਗਦੇ ਹਨ, ਜਿੱਥੇ ਲੋਕ ਭੰਗੜਾ-ਗਿੱਧਾ ਅਤੇ ਵੰਨ-ਸੁਵੰਨੀਆਂ ਮਿਠਾਈਆਂ ਨੂੰ ਵੰਢ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ।
ਦਸਵੇਂ ਪਾਤਸ਼ਾਹ ਵੱਲੋਂ ਖਾਲਸਾ ਪੰਥ ਦੀ ਸਥਾਪਨਾ
1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਸਿੱਖ ਧਰਮ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਸੀ। ਜਾਤ-ਪਾਤ, ਧਰਮ ਦੇ ਫ਼ਰਕ ਨੂੰ ਦੂਰ ਕਰਦਿਆਂ ਗੁਰੂ ਸਾਹਿਬ ਜੀ ਨੇ ਖਾਲਸਾ ਫ਼ੌਜ ਨੂੰ ਸਿਰਜਿਆ ਅਤੇ ਇਹ ਕਿਹਾ ਕਿ ਖਾਲਸਾ ਅਕਾਲ ਪੁਰਖ ਦੀ ਫ਼ੌਜ ਹੈ।
ਇੱਕ ਜੁਝਾਰੂ ਯੋਧਾ ਹੋਣ ਦੇ ਨਾਲ-ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਮ ਦੇ ਵੀ ਧਨੀ ਸਨ। ਉਹਨਾਂ ਨੇ ਸਿੱਖਾਂ ਵਿੱਚ ਬੁਲੰਦ ਹੌਂਸਲੇ ਅਤੇ ਲੋੜ੍ਹਵੰਦਾਂ ਦੀ ਮਦਦ ਲਈ ਖਾਲਸਾ ਪੰਥ ਦੀ ਨੀਂਹ ਰੱਖੀ ਅਤੇ ਧਾਰਮਿਕ ਜਾਗਰੂਕਤਾ ਪੈਦਾ ਕੀਤੀ।
ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖ਼ਸ਼ਿਆ। ਇਹਨਾਂ ਪੰਜ ਪਿਆਰਿਆਂ ਦੇ ਨਾਮ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਸਨ।
ਗੁਰੂ ਜੀ ਨੇ ਉਹਨਾਂ ਨੂੰ ਅਮ੍ਰਿਤ ਛਕਾ ਕੇ ਖਾਲਸਾ ਪੰਥ ਵਿੱਚ ਸ਼ਾਮਲ ਕੀਤਾ ਅਤੇ ਸਿੰਘਾਂ ਨੂੰ “ਸਚਿਆਰ, ਨਿਰਭਉ, ਨਿਰਵੈਰ” ਜੀਵਨ ਬਤੀਤ ਦੀ ਸਿੱਖਿਆ ਦਿੱਤੀ।
ਇਹਨਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਦੇ ਨਾਲ ਗੁਰੂ ਸਾਹਿਬ ਜੀ ਨੇ ਖ਼ੁਦ ਵੀ ਪੰਜ ਸਿੰਘਾਂ ਤੋਂ ਅੰਮ੍ਰਿਤ ਛਕਿਆ। ਖਾਲਸਾ ਪੰਥ ਦੀ ਸਥਾਪਨਾ ਸਿੱਖ ਇਤਿਹਾਸ ਦਾ ਮਹੱਤਵਪੂਰਨ ਮੋੜ ਸੀ। ਇਸ ਨੇ ਸਿੱਖਾਂ ਨੂੰ ਨਾ ਸਿਰਫ਼ ਆਤਮਕ ਤਾਕਤ ਦਿੱਤੀ, ਬਲਕਿ ਉਨ੍ਹਾਂ ਨੂੰ ਬਾਹਰੀ ਜ਼ੁਲਮ ਦੇ ਵਿਰੁੱਧ ਲੜਨ ਦੀ ਹਿੰਮਤ ਵੀ ਦਿੱਤੀ। ਅੱਜ ਵੀ ਵਿਸਾਖੀ ਨੂੰ ਖਾਲਸਾ ਪੰਥ ਦੀ ਜਨਮ ਦਿਹਾੜੇ ਵਜੋਂ ਵੱਡੇ ਜਸ਼ਨ ਨਾਲ ਮਨਾਇਆ ਜਾਂਦਾ ਹੈ।
ਜਲਿਆਂਵਾਲਾ ਬਾਗ ਅੰਮ੍ਰਿਤਸਰ ਦਾ ਸਾਕਾ
13 ਅਪ੍ਰੈਲ 1919 ਨੂੰ, ਵਿਸਾਖੀ ਦੇ ਪਵਿੱਤਰ ਦਿਨ, ਅੰਮ੍ਰਿਤਸਰ ਦੇ ਇਤਿਹਾਸਕ ਜਲਿਆਂਵਾਲਾ ਬਾਗ ਵਿੱਚ ਇੱਕ ਅਜਿਹਾ ਦੁਖਦਾਈ ਸਾਕਾ ਵਾਪਰਿਆ ਜੋ ਸਦੀ ਦੀਆਂ ਸਭ ਤੋਂ ਵੱਡੀਆਂ ਦੁਰਘਟਨਾਵਾਂ ਵਿੱਚੋਂ ਇੱਕ ਸੀ।
ਵਿਸਾਖੀ ਮੌਕੇ ਬਹੁਤ ਸਾਰੇ ਲੋਕ ਬਾਗ ਵਿੱਚ ਆਪਣੇ ਦੋ ਨੇਤਾਵਾਂ ਸਤਿਆਪਾਲ ਅਤੇ ਸੈਫ਼ੂਦੀਨ ਕਿਚਲੂ ਦੀ ਰਿਹਾਈ ਵਾਸਤੇ ਇਕੱਠੇ ਹੋਏ ਸਨ। ਇਹ ਇੱਕ ਸ਼ਾਂਤਮਈ ਜਲਸਾ ਸੀ, ਪਰ ਜਨਰਲ ਡਾਇਰ ਨੇ ਕਿਸੇ ਵੀ ਚੇਤਾਵਨੀ ਤੋਂ ਬਿਨਾਂ ਬੰਦ ਬਾਗ ਦੇ ਦਰਵਾਜ਼ਿਆਂ ਨੂੰ ਘੇਰ ਕੇ ਭੀੜ ‘ਤੇ ਗੋਲੀਆਂ ਚਲਾਉਣ ਦਾ ਹੁਕਮ ਦੇ ਦਿੱਤਾ।
ਲੋਕ ਘਬਰਾਹਟ ਵਿੱਚ ਭੱਜੇ, ਪਰ ਬਾਗ ਦਾ ਰਾਹ ਬੰਦ ਸੀ। ਅਨੇਕਾਂ ਲੋਕ ਗੋਲੀਆਂ ਨਾਲ ਜਾਨ ਤੋਂ ਹੱਥ ਧੋ ਬੈਠੇ ਅਤੇ ਕਈਆਂ ਨੇ ਆਪਣੀ ਜਾਨ ਬਚਾਉਣ ਲਈ ਖੂਹ ਵਿੱਚ ਛਾਲ ਮਾਰ ਦਿੱਤੀ। ਇਸ ਹਮਲੇ ਨੇ ਸੈਂਕੜੇ ਮਾਸੂਮ ਲੋਕਾਂ ਦੀਆਂ ਜਾਨਾਂ ਲੈ ਲਈਆਂ। ਜਲਿਆਂਵਾਲਾ ਬਾਗ ਦਾ ਇਹ ਕਤਲੇਆਮ ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਇੱਕ ਨਵਾਂ ਜੋਸ਼ ਭਰ ਗਿਆ। ਇਸ ਸਾਕੇ ਨੇ ਸਾਰੀ ਦੁਨੀਆ ਦਾ ਧਿਆਨ ਭਾਰਤ ਵਿੱਚ ਹੋ ਰਹੇ ਜ਼ੁਲਮ ਵੱਲ ਖਿੱਚਿਆ।
ਅੱਜ ਵੀ ਜਲਿਆਂਵਾਲਾ ਬਾਗ ਸਾਡੀ ਆਜ਼ਾਦੀ ਦੀ ਲੜਾਈ ਦੀ ਗਵਾਹੀ ਦਿੰਦਾ ਹੈ ਅਤੇ ਉਨ੍ਹਾਂ ਸ਼ਹੀਦਾਂ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕਰਵਾਉਂਦਾ ਹੈ। ਵਿਸਾਖੀ ਦੇ ਦਿਨ ਅਸੀਂ ਉਹਨਾਂ ਦੀ ਯਾਦ ਵਿੱਚ ਮੱਥਾ ਟੇਕਦੇ ਹਾਂ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਾਂ।
ਸਾਰ:
ਵਿਸਾਖੀ ਸਿਰਫ਼ ਕਿਸਾਨੀ ਦਾ ਤਿਉਹਾਰ ਨਹੀਂ, ਸਗੋਂ ਸਿੱਖ ਧਰਮ ਅਤੇ ਭਾਰਤ ਦੇ ਆਜ਼ਾਦੀ ਸੰਘਰਸ਼ ਵਿੱਚ ਵੀ ਆਪਣਾ ਵਿਲੱਖਣ ਸਥਾਨ ਰੱਖਦੀ ਹੈ। ਇਹ ਪਵਿੱਤਰ ਦਿਨ ਸਾਨੂੰ ਹਰ ਸਾਲ ਮਿਹਨਤ, ਧਰਮ ਦੀ ਰਾਖੀ, ਬਲਿਦਾਨ ਅਤੇ ਨਵੀਂ ਉਮੀਦਾਂ ਦੀ ਪ੍ਰੇਰਣਾ ਦਿੰਦਾ ਹੈ। ਪਿੰਡਾਂ ਦੀਆਂ ਜੂਹਾਂ ਤੋਂ ਲੈ ਕੇ ਸ਼ਹਿਰਾਂ ਦੀਆਂ ਵਿਕਸਿਤ ਸੜਕਾਂ ਤੱਕ, ਵਿਸਾਖੀ ਦੀਆਂ ਰੌਣਕਾਂ ਹਰ ਦਿਲ ਵਿੱਚ ਨਵਾਂ ਉਤਸ਼ਾਹ ਤੇ ਨਵੀਆਂ ਖੁਸ਼ੀਆਂ ਭਰ ਦਿੰਦੀਆਂ ਹਨ।