ਅੱਜ ਵੀ ਜਦੋਂ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਿਲ ਵਿਚ ਵੱਸਦੇ ਜਲ੍ਹਿਆਂਵਾਲਾ ਬਾਗ਼ ਦੇ ਦਰਵਾਜ਼ੇ ਤੋਂ ਲੰਘਦੇ ਹਾਂ, ਤਾਂ ਹਵਾ ਵਿਚ ਇਕ ਅਜਿਹਾ ਸੋਗ ਮਹਿਸੂਸ ਹੁੰਦਾ ਹੈ, ਜੋ ਸ਼ਬਦਾਂ ਵਿਚ ਬਿਆਨਿਆ ਨਹੀਂ ਜਾ ਸਕਦਾ। ਕੰਧਾਂ ਜਿਵੇਂ ਧਾਹਾਂ ਮਾਰ ਰਹੀਆਂ ਹੋਣ, ਪੈਰਾਂ ਹੇਠਾਂ ਧਰਤੀ ਵੀ ਜਿਵੇਂ ਰੋਂਦੀ ਹੋਵੇ, ਇਉਂ ਜਾਪਦੈ ਜਿਵੇਂ ਕੁਝ ਪਲਾਂ ਲਈ ਸਮਾਂ ਰੁਕ ਜਾਂਦਾ ਹੋਵੇ, ਸਾਡੇ ਉਹਨਾਂ ਸ਼ਹੀਦਾਂ ਦੀਆਂ ਚੀਖਾਂ ਸਾਨੂੰ ਸੁਣਾਈ ਦਿੰਦੀਆਂ ਹੋਣ…ਛੋਟੇ-ਛੋਟੇ ਬੱਚੇ ਜਿਵੇਂ ਰਹਿਮ ਦੀ ਭੀਖ ਮੰਗ ਰਹੇ ਹੋਣ, ਤੇ ਦੂਜੇ ਪਾਸੇ ਅੰਗਰੇਜ਼ ਫੌਜੀ ਲੱਭ-ਲੱਭ ਕੇ ਪੰਜਾਬੀਆਂ ਨੂੰ ਮਾਰ ਰਹੇ ਹੋਣ। 13 ਅਪ੍ਰੈਲ 1919 ਦਾ ਦਿਨ ਸਿਰਫ ਇੱਕ ਤਾਰੀਖ਼ ਨਹੀਂ, ਸਗੋਂ ਇੱਕ ਇਤਿਹਾਸਕ ਜ਼ਖ਼ਮ ਹੈ, ਜੋ ਹਰ ਪੰਜਾਬੀ ਦੇ ਦਿਲ ਵਿਚ ਰਹਿੰਦੀ ਦੁਨੀਆ ਤੱਕ ਤਾਜ਼ਾ ਰਹੇਗਾ।
ਕੈਸਾ ਦਿਨ ਚੜ੍ਹਿਆ ਸੀ,ਕੈਸੀ ਸਵੇਰ ਹੋਈ ਸੀ ਜਦੋਂ ਨਿਰਦੋਸ਼ ਲੋਕਾਂ ਦੇ ਲਹੂ ਨਾਲ ਪਵਿੱਤਰ ਧਰਤੀ ਦੀ ਜ਼ਮੀਨ ਲਾਲ ਹੋ ਗਈ ਸੀ। ਅਸੀਂ ਅਕਸਰ ਕਹਿੰਦੇ ਹਾਂ ਕਿ ਸਮੇਂ ਨਾਲ ਸਾਰੇ ਜ਼ਖ਼ਮ ਭਰ ਜਾਂਦੇ ਨੇ, ਪਰ ਜਲ੍ਹਿਆਂਵਾਲਾ ਬਾਗ਼ ਵਰਗਾ ਅੱਲਾ ਜ਼ਖ਼ਮ ਸਮਾਂ ਵੀ ਕਦੇ ਨਹੀਂ ਭਰ ਸਕੇਗਾ।
ਪਿਛੋਕੜ
ਉਸ ਵੇਲੇ ਪੰਜਾਬ ਵਿਚ ਹਾਲਾਤ ਪਹਿਲਾਂ ਹੀ ਤਣਾਅਪੂਰਨ ਸਨ। ਪਹਿਲੀ ਵਿਸ਼ਵ ਯੁੱਧ ਤੋਂ ਬਾਅਦ ਲੋਕ ਅੰਗਰੇਜ਼ ਹਕੂਮਤ ਦੀਆਂ ਜ਼ੁਲਮ ਭਰੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਸਨ। ਰੌਲਟ ਐਕਟ ਨੇ ਇਸ ਅੱਗ ‘ਚ ਘਿਓ ਦਾ ਕੰਮ ਕੀਤਾ। ਇਹ ਕਾਨੂੰਨ ਲੋਕਾਂ ਦੀ ਆਜ਼ਾਦੀ ਖ਼ਤਮ ਕਰ ਰਿਹਾ ਸੀ — ਨਾ ਕੋਈ ਪੁੱਛਗਿੱਛ, ਨਾ ਸੁਣਵਾਈ, ਸਿੱਧਾ ਗ੍ਰਿਫ਼ਤਾਰੀ। ਲੋਕ ਹੱਕ ਲਈ ਆਵਾਜ਼ ਉਠਾਉਣ ਲੱਗੇ, ਤੇ ਇਸ ਆਵਾਜ਼ ਨੂੰ ਦਬਾਉਣ ਲਈ ਅੰਗਰੇਜ਼ ਸਰਕਾਰ ਨੇ ਥੋਪਿਆ ਗਿਆ ਸੀ ਡਿਪਟੀ ਕਮਿਸ਼ਨਰ ਜਨਰਲ ਡਾਇਰ।
ਕਤਲੇਆਮ ਦਾ ਦਿਨ
13 ਅਪ੍ਰੈਲ 1919 ਨੂੰ ਵੈਸਾਖੀ ਦੀ ਰੌਣਕ ਸੀ। ਲੋਕ ਆਪਣੇ ਤਿਉਹਾਰ ਮਨਾਉਣ ਅਤੇ ਕਈਆਂ ਨੇ ਮੰਗਾਂ ਨੂੰ ਲੈ ਕੇ ਇਕੱਠੇ ਹੋਣਾ ਸੀ। ਪਰ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਇਹ ਦਿਨ ਤਿਉਹਾਰ ਤੋਂ ਖੂਨੀ ਸਾਕੇ ਵਿਚ ਬਦਲ ਜਾਵੇਗਾ। ਜਨਰਲ ਡਾਇਰ ਆਪਣੇ ਸੈਨਿਕਾਂ ਦੇ ਨਾਲ ਬਿਨਾਂ ਚੇਤਾਵਨੀ ਦੇ ਬਾਗ਼ ‘ਚ ਦਾਖਲ ਹੋਇਆ ਤੇ ਹੁਕਮ ਦੇ ਦਿੱਤਾ ਕਿ ਗੋਲੀਆਂ ਚਲਾਈਆਂ ਜਾਣ।
10 ਮਿੰਟਾਂ ਵਿਚ, ਲਗਭਗ 1650 ਗੋਲੀਆਂ ਚਲਾਈਆਂ ਗਈਆਂ। ਬਚਣ ਲਈ ਨਾ ਕੋਈ ਰਾਹ ਸੀ, ਨਾ ਕੋਈ ਦਰਵਾਜ਼ਾ ਖੁੱਲ੍ਹਾ ਸੀ। ਮਾਂਵਾਂ ਦੇ ਪੁੱਤਰ ਉਨ੍ਹਾਂ ਦੀਆਂ ਅੱਖਾਂ ਅੱਗੇ ਡਿੱਗ ਰਹੇ ਸਨ। ਪਾਣੀ ਵਾਲਾ ਖੂਹ ਹੀ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਚੁਣ ਲਿਆ, ਪਰ ਉੱਥੇ ਵੀ ਮੌਤ ਵੱਸਦੀ ਸੀ। ਦੱਸਦੇ ਨੇ ਕਿ ਖੂਹ ਅਣਗਿਣਤ ਲਾਸ਼ਾਂ ਨਾਲ ਭਰ ਗਿਆ..ਉਸ ਤੋਂ ਬਾਅਦ ਉਸ ਖੂਹ ਨੂੰ ਮੌਤ ਦਾ ਖੂਹ ਹੀ ਕਹਿਣ ਲੱਗ ਪਏ। ਗੋਲੀਆਂ ਦੇ ਕੋਲ ਨਾਲ ਕੰਧਾਂ ਤੱਕ ਛਲਣੀ ਹੋ ਗਈਆਂ, ਬੰਦਿਆਂ ਦੇ ਸ਼ਰੀਰ ਕਿੱਥੇ ਬਚਣੇ ਸੀ
ਜਲ੍ਹਿਆਂਵਾਲਾ ਬਾਗ਼ ਅੱਜ
ਅੱਜ ਜਦੋਂ ਅਸੀਂ ਜਲ੍ਹਿਆਂਵਾਲਾ ਬਾਗ਼ ਜਾਈਏ, ਤਾਂ ਕੁੱਝ ਨਿਸ਼ਾਨ ਅਜੇ ਵੀ ਉਥੇ ਮੌਜੂਦ ਹਨ — ਕੰਧਾਂ ਵਿਚ ਵੱਜੀਆਂ ਗੋਲੀਆਂ ਦੇ ਨਿਸ਼ਾਨ, ਖੂਹ ‘ਚ ਝਾਕ ਕੇ ਦੇਖੀਏ ਤਾਂ ਡਰਾਉਣੀ ਖਾਮੋਸ਼ੀ ਜਿਵੇਂ ਡਰਾਉਂਦੀ ਹੋਵੇ। ਇਹ ਸਿਰਫ ਇੱਕ ਯਾਦਗਾਰ ਨਹੀਂ, ਇਹ ਸਾਡਾ ਇਤਿਹਾਸ ਹੈ, ਸਾਡੀ ਸ਼ਹਾਦਤ ਦੀ ਮੋਹਰ ਹੈ।
ਉਸ ਦਿਨ ਨੇ ਭਾਰਤੀ ਆਜ਼ਾਦੀ ਦੀ ਲਹਿਰ ਨੂੰ ਨਵਾਂ ਰੁਖ ਦਿੱਤਾ। ਲੋਕਾਂ ਦੇ ਦਿਲਾਂ ਵਿਚੋਂ ਡਰ ਖਤਮ ਹੋ ਗਿਆ ਸੀ, ਤੇ ਹੁਣ ਲੋਕਾਂ ‘ਚ ਐਸਾ ਰੋਹ ਪੈਦਾ ਹੋ ਚੁੱਕਿਆ ਸੀ ਕਿ ਆਜ਼ਾਦੀ ਦੀ ਨਵੀਂ ਕਹਾਣੀ ਦਾ ਜਿਵੇਂ ਆਰੰਭ ਹੋ ਗਿਆ ਹੋਵੇ। ਚਾਰੇ ਪਾਸਿਓਂ ਆਜ਼ਾਦੀ ਦੀਆਂ ਗੂੰਜਾਂ ਉੱਠਣ ਲੱਗ ਪਈਆਂ। ਜਲ੍ਹਿਆਂਵਾਲਾ ਬਾਗ਼ ਨੇ ਸਾਨੂੰ ਦੱਸਿਆ ਕਿ ਜਦੋਂ ਹੱਕਾਂ ਦੀ ਗੱਲ ਆਉਂਦੀ ਹੈ, ਤਾਂ ਸਾਡੀ ਕੌਮ ਇਕੱਠੀ ਹੋ ਜਾਂਦੀ ਹੈ।
ਹੁਣ ਜਦੋਂ ਵੀ ਵੈਸਾਖੀ ਦਾ ਦਿਨ ਆਵੇ ਤਾਂ ਨਾਲ ਹੀ ਇਹ ਖੂਨੀ ਸਾਕਾ ਵੀ ਆਉਂਦਾ ਹੈ, ਤਾਂ ਸਾਨੂੰ ਸਿਰਫ ਫੁੱਲ ਚੜ੍ਹਾ ਕੇ ਨਹੀਂ, ਸਗੋਂ ਇਹ ਵਾਅਦਾ ਕਰਨਾ ਚਾਹੀਦਾ ਹੈ ਕਿ ਅਸੀਂ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦਿਆਂਗੇ। ਇਤਿਹਾਸ ਸਾਨੂੰ ਹਮੇਸ਼ਾ ਸਿਖਾਉਂਦਾ ਹੈ ਕਿ ਆਜ਼ਾਦੀ ਦੀ ਕੀਮਤ ਸਦਾ ਜਾਗਰੂਕ ਰਹਿਣਾ ਹੈ।
ਆਓ, ਇਸ ਵਾਰੀ ਜਦੋਂ ਅਸੀਂ ਜਲ੍ਹਿਆਂਵਾਲਾ ਬਾਗ਼ ਨੂੰ ਯਾਦ ਕਰੀਏ, ਤਾਂ ਸਿਰਫ ਇੱਕ ਇਤਿਹਾਸਕ ਘਟਨਾ ਵਜੋਂ ਨਹੀਂ, ਸਗੋਂ ਇੱਕ ਪ੍ਰੇਰਣਾ ਵਜੋਂ ਯਾਦ ਕਰੀਏ — ਜੋ ਸਾਨੂੰ ਹਮੇਸ਼ਾ ਸਿਖਾਉਂਦੀ ਰਹੇ ਕਿ ਜ਼ੁਲਮ ਤੇ ਤਾਕਤ ਭਾਵੇਂ ਕਿੰਨੀ ਵੀ ਵੱਡੀ ਤੇ ਸ਼ਕਤੀਸ਼ਾਲੀ ਹੋਵੇ ਪਰ ਪੰਜਾਬੀਆਂ ਦੇ ਹੌਸਲੇ ਹਿੰਮਤ ਅੱਗੇ ਉਹ ਕੱਖ ਵੀ ਨਹੀਂ, ਜ਼ੁਲਮ ਤੇ ਜਬਰ ਅੱਗੇ ਅਸੀਂ ਕਦੇ ਵੀ ਝੁਕਣ ਵਾਲਿਆਂ ‘ਚੋਂ ਨਹੀਂ ਆਉਂਦੇ..ਸਾਡੀ ਕੌਮ ਵੱਖਰੀ ਹੈ !!