ਪੰਜਾਬ ਦੀ ਰੰਗੀਨ ਸੰਸਕ੍ਰਿਤੀ ਦੇ ਰੂਹਾਨੀ ਰੂਪਾਂ ਵਿੱਚੋਂ ਇੱਕ ਹੈ ਬਲਦਾਂ ਦੀਆਂ ਦੌੜਾਂ। ਇਹ ਸਿਰਫ ਇੱਕ ਖੇਡ ਨਹੀਂ, ਸਗੋਂ ਪੰਜਾਬੀ ਕਿਸਾਨੀ ਦੀ ਮਿਹਨਤ, ਸੰਘਰਸ਼ ਅਤੇ ਜੁੜਾਵ ਦੀ ਇੱਕ ਪ੍ਰਤੀਕ ਹੈ। ਜਿੱਥੇ ਪਿੰਡਾਂ ਦੀਆਂ ਗਲੀਆਂ ਆਪਸੀ ਸਾਂਝ ਨਾਲ ਭਰਪੂਰ ਹੁੰਦੀਆਂ ਹਨ, ਓਥੇ ਇਹ ਦੌੜਾਂ ਲੋਕ-ਰਸਮਾਂ ਦਾ ਅਟੁੱਟ ਹਿੱਸਾ ਹਨ।
ਇਹ ਬਲਦਾਂ ਦੀਆਂ ਦੌੜਾਂ ਪੰਜਾਬ ਦੀ ਲੰਬੀ ਸੰਸਕ੍ਰਿਤਕ ਪਰੰਪਰਾ ਦਾ ਹਿੱਸਾ ਰਹੀਆਂ ਹਨ। ਖੇਤਾਂ ਵਿਚ ਹੋਣ ਵਾਲੀਆਂ ਦੌੜਾਂ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਕਿਸਾਨੀ ਜ਼ਿੰਦਗੀ ਦੀ ਮਿਹਨਤ ਅਤੇ ਵਫ਼ਾਦਾਰੀ ਦੀ ਪਹਿਚਾਣ ਵੀ ਹਨ। ਇਨ੍ਹਾਂ ਦੋੜਾਂ ਲਈ ਤਿਆਰੀ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਸੀ ਅਤੇ ਸਾਰੇ ਰਲ ਮਿਲ ਕੇ ਸਾਰੇ ਕੰਮਾਂ ਨੂੰ ਨੇਪਰੇ ਚਾੜ੍ਹਿਆ ਕਰਦੇ ਸਨ।
ਇਤਿਹਾਸਕ ਪਿਛੋਕੜ
ਬਲਦਾਂ ਦੀਆਂ ਦੌੜਾਂ ਦੀ ਸ਼ੁਰੂਆਤ ਪੁਰਾਣੇ ਜਮਾਨੇ ਤੋਂ ਮੰਨੀ ਜਾਂਦੀ ਹੈ, ਜਦੋਂ ਕਿਸਾਨ ਆਪਣੇ ਬਲਦਾਂ ਦੀ ਤਾਕਤ ਤੇ ਗਤੀ ਦਿਖਾਉਣ ਲਈ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਸਨ। ਇਹ ਮੁਕਾਬਲੇ ਆਮ ਤੌਰ ਤੇ ਖੇਤੀਬਾੜੀ ਦੇ ਤਿਉਹਾਰਾਂ, ਜਿਵੇਂ ਕਿ ਲੋਹੜੀ, ਮਘੀ ਜਾਂ ਵਿਸਾਖੀ, ਮੌਕੇ ਕਰਵਾਏ ਜਾਂਦੇ ਹਨ।
ਦੌੜਾਂ ਦਾ ਰੂਪ
ਬਲਦਾਂ ਨੂੰ ਜੋੜਿਆਂ ਵਿੱਚ ਜੋੜ ਕੇ ਖੁੱਲ੍ਹੇ ਮੈਦਾਨਾਂ ਜਾਂ ਖੇਤਾਂ ਵਿੱਚ ਦੌੜਾਇਆ ਜਾਂਦਾ ਹੈ। ਇਹ ਦੌੜ ਸਿੱਧੀ ਲਾਈਨ ਵਿੱਚ ਜਾਂ ਕਿਸੇ ਖਾਸ ਰਸਤੇ ‘ਤੇ ਹੋ ਸਕਦੀ ਹੈ। ਦੌੜ ਤੋਂ ਪਹਿਲਾਂ ਬਲਦਾਂ ਨੂੰ ਚੰਗੀ ਤਰ੍ਹਾਂ ਸਜਾਇਆ ਜਾਂਦਾ ਹੈ – ਰੰਗ ਬਰੰਗੀਆਂ ਰੱਖਾਂ, ਮੋਹਰਿਆਂ ਤੇ ਘੁੰਗਰੂਆਂ ਨਾਲ।
ਸਮਾਜਿਕ ਤੇ ਸੱਭਿਆਚਾਰਕ ਮਹੱਤਤਾ
ਇਹ ਦੌੜਾਂ ਕਿਸਾਨੀ ਕਲਾ, ਪਸ਼ੂ ਪਾਲਣ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਜੋ ਕੇ ਰੱਖਦੀਆਂ ਹਨ।
ਲੋਕ ਇਨ੍ਹਾਂ ਨੂੰ ਇੱਕ ਤਿਉਹਾਰ ਵਾਂਗ ਮਨਾਉਂਦੇ ਹਨ – ਢੋਲ ਦੀਆਂ ਥਾਪਾਂ, ਲੋਕ-ਨਾਚ, ਰੋਜ਼ ਮਰ੍ਹਾ ਦੇ ਤਾਣੇਂ-ਬਾਣਿਆਂ ਤੋਂ ਦੂਰ ਖੁਸ਼ਹਾਲ ਅਤੇ ਆਪਸੀ ਭਾਈਚਾਰਕ ਸਾਂਝ ਵਾਲੇ ਪਲ ।ਇਹਨਾਂ ਖੇਡਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਆਪਣੀ ਧਰੋਹਰ ਨਾਲ ਜੋੜਨ ਦਾ ਮੌਕਾ ਮਿਲਦਾ ਹੈ।
ਮੌਡਰਨ ਦੌਰ ਵਿੱਚ ਬਦਲਾਅ
ਅੱਜ ਦੇ ਯੁੱਗ ਵਿੱਚ ਜਿੱਥੇ ਤਕਨੀਕ ਨੇ ਖੇਤੀਬਾੜੀ ਦੇ ਢੰਗ ਬਦਲ ਦਿੱਤੇ ਹਨ, ਉਥੇ ਵੀ ਬਲਦਾਂ ਦੀਆਂ ਦੌੜਾਂ ਕਈ ਥਾਵਾਂ ‘ਤੇ ਉਤਸ਼ਾਹ ਨਾਲ ਕਰਵਾਈ ਜਾਂਦੀਆਂ ਹਨ। ਕਈ ਪਿੰਡਾਂ ਵਿਚ ਇਹ ਮੁਕਾਬਲੇ ਇਨਾਮੀ ਰਕਮ, ਟਰਾਫ਼ੀਆਂ ਜਾਂ ਮਾਣ ਪੱਤਰਾਂ ਨਾਲ ਵੀ ਸਨਮਾਨਿਤ ਕੀਤੇ ਜਾਂਦੇ ਹਨ।
ਬਲਦਾਂ ਦੀਆਂ ਦੌੜਾਂ ਸਾਡੀ ਮਿੱਟੀ ਦੀ ਖੁਸ਼ਬੂ, ਮਿਹਨਤ ਦੀ ਮਹਿਕ ਅਤੇ ਰਿਵਾਇਤਾਂ ਦੀ ਰੌਣਕ ਹਨ। ਇਹ ਸਿਰਫ ਦੌੜ ਨਹੀਂ, ਸਗੋਂ ਪੰਜਾਬੀ ਰੂਹ ਦੀ ਧੜਕਣ ਹਨ। ਆਓ, ਅਸੀਂ ਵੀ ਇਸ ਧਰੋਹਰ ਨੂੰ ਸਾਂਭੀਏ, ਅਤੇ ਨਵੀਆਂ ਪੀੜ੍ਹੀਆਂ ਤੱਕ ਇਨ੍ਹਾਂ ਦੀ ਮਹੱਤਤਾ ਪਹੁੰਚਾਈਏ।