ਹੋਲੇ ਮਹੱਲੇ ਦਾ ਇਤਿਹਾਸ

ਭਾਰਤ ਵੱਖ -ਵੱਖ ਬੋਲੀਆਂ ਭਾਸ਼ਾਵਾਂ ਅਤੇ ਰੀਤੀ -ਰਿਵਾਜ਼ਾਂ ਵਾਲਾ ਦੇਸ਼ ਹੈ, ਇਸੇ ਲਈ ਹਰੇਕ ਮਹੀਨੇ ਕੋਈ ਨਾ ਕੋਈ ਤਿਉਹਾਰ ਆਉਂਦਾ ਰਹਿੰਦਾ ਹੈ। ਇਹ ਤਿਉਹਾਰ ਧਾਰਮਿਕ ਜਾਂ ਕੋਈ ਸਮਾਜਿਕ ਭਾਵ ਮੌਸਮ ਬਦਲਣ ਦੇ ਮੌਕੇ ਨਾਲ ਜੋੜ ਕੇ ਵੀ ਮਨਾਏ ਜਾਂਦੇ ਹਨ। ਇਨ੍ਹਾਂ ਵਿੱਚ ਦਿਵਾਲੀ ,ਦੁਸ਼ਹਿਰਾ ,ਲੋਹੜੀ ,ਵਿਸਾਖੀ ਅਤੇ ਹੋਲੀ ਪ੍ਰਮੁੱਖ ਤਿਉਹਾਰ ਹਨ ਪਰ ਸਿੱਖ ਕੌਮ ਵੱਲੋਂ ਹੋਲੀ ਦੀ ਥਾਂ ਹੋਲੇ-ਮਹੱਲੇ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੀ ਸਿੱਖ ਕੌਮ ਹਮੇਸ਼ਾ ਜ਼ੁਲਮਾਂ ਦੇ ਖ਼ਿਲਾਫ਼ ਡੱਟ ਕੇ ਲੜਦੀ ਆਈ ਹੈ। ਗੁਰੂ ਸਾਹਿਬ ਵੱਲੋਂ ਸਾਜੇ ਗਏ ਅਨੋਖੇ ਖਾਲਸਾ ਪੰਥ ਸਿੱਖਾਂ ਦੀ ਬਹਾਦਰੀ ਨੂੰ ਦਰਸਾਉਂਦੇ ਹਨ।
ਹੋਲਾ ਮਹੱਲਾ ਵੀ ਸਿੱਖ ਕੌਮ ਦੇ ਖ਼ਾਲਸਾਈ ਜਾਹੋ ਜਲਾਲ ਅਤੇ ਖ਼ਾਲਸੇ ਦੀ ਚੜ੍ਹਦੀਕਲਾ ਦਾ ਪ੍ਰਤੀਕ ਕੌਮੀ ਤਿਉਹਾਰ ਹੈ ,ਜੋ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ ।ਹੋਲੀ ਤੋਂ ਪਹਿਲਾਂ ਸ਼ੁਰੂ ਹੋ ਕੇ ਹੋਲੀ ਤੋਂ ਅਗਲੇ ਦਿਨ ਤੱਕ ਹੋਲਾ ਮਹੱਲਾ ਮੁੱਖ ਰੂਪ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਜਾਂਦਾ ਹੈ । ਇਸ ਤਿਉਹਾਰ ਦਾ ਆਰੰਭ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1700 ਈ ਵਿੱਚ ਕੀਤਾ। ਭਾਈ ਵੀਰ ਸਿੰਘ ਅਤੇ ਭਾਈ ਕਾਹਨ ਸਿੰਘ ਨਾਭਾ ਵਰਗੇ ਵਿਦਵਾਨਾਂ ਨੇ ਹੋਲਾ ਮਹੱਲਾ ਦੇ ਅੱਖਰੀ ਅਰਥ ਕਰਦਿਆਂ ਲਿਖਿਆ ਹੈ ਕਿ ਹੋਲਾ ਦਾ ਮਤਲਬ ਹੈ ‘ਹੱਲਾ’ ਅਤੇ ਮਹੱਲਾ ਦਾ ਅਰਥ ਹੈ ‘ਮਹਾਂ ਹੱਲਾ’ ਹੋਲੇ – ਮੁਹੱਲੇ ‘ਤੇ ਸਮੁੱਚਾ ਇਲਾਕਾ ਖ਼ਾਲਸਾਈ ਰੰਗ ਵਿੱਚ ਰੰਗਿਆ ਨਜ਼ਰ ਆਉਂਦਾ ਹੈ। ਇਸ ਕੌਮੀ ਜੋੜ ਮੇਲੇ ਦਾ ਮੁੱਢ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1757 ਈ. ਚੇਤ ਦੀ ਪਹਿਲੀ ਤਰੀਕ ਨੂੰ ਬੰਨ੍ਹਿਆ ਸੀ । ਇਤਿਹਾਸਕਾਰਾਂ ਅਤੇ ਵਿਦਵਾਨਾਂ ਅਨੁਸਾਰ ਹੋਲੇ ਮਹੱਲੇ ਦਾ ਮਨੋਰਥ ਸਿੱਖਾਂ ਨੂੰ ਜ਼ੁਲਮ ਤੇ ਸੱਚ ਅਤੇ ਨਿਆਂ ਦੀ ਜਿੱਤ ਦਾ ਸੰਕਲਪ ਦ੍ਰਿੜ ਕਰਵਾਉਂਦਾ ਹੈ।

                                       ਹੋਲਾ ਮਹੱਲਾ ਦੇ ਸ਼ਬਦੀ ਅਰਥ

‘ਹੋਲਾ’ ਅਰਬੀ ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਹੈ ਜਿਸਦੇ ਅਰਥ ਭਲੇ ਕੰਮਾਂ ਲਈ ਜੂਝਣਾ ਹੈ ਅਤੇ ਮਹੱਲਾ ਦਾ ਅਰਥ ਹੈ ਵੱਡਾ ਜਲੂਸ। ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਖ਼ਾਲਸੇ ਨੂੰ ਇਹ ਆਦੇਸ਼ ਦਿੱਤਾ ਕਿ ਉਹ ਕੌਮ ਦੀ ਰੱਖਿਆ ਲਈ ਆਪਣੀ ਕੁਰਬਾਣੀ ਦੇਣ ਤੋਂ ਪਿੱਛੇ ਨਹੀਂ ਹਟੇਗਾ ਸਗੋਂ ਹੋਲਾ ਮਹੱਲਾ ਕੱਢਦੇ ਹੋਏ ਜ਼ੁਲਮ ਦਾ ਖ਼ਾਤਮਾ ਕਰੇਗਾ । ਗੁਰੂ ਜੀ ਦੀ ਇਸ ਸਿੱਖਿਆ ‘ਤੇ ਚਲਦੇ ਹੋਏ ਗੁਰੂ ਦੇ ਖ਼ਾਲਸੇ ਨੇ ਕਈ ਵਾਰੀ ਮੈਦਾਨ ਫਤਹਿ ਕੀਤਾ । ਉਨ੍ਹਾਂ ਜੰਗੀ ਜੀਤ ਨੂੰ ਯਾਦ ਕਰਦੇ ਹੋਏ ਹਰ ਸਾਲ ਆਨੰਦਪੁਰ ਸਾਹਿਬ ਵਿੱਖੇ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਇਸ ਵਿੱਚ ਨਗਾੜਿਆਂ ਦੀ ਧੁਨੀ ਵਿੱਚ, ਸਜ-ਧਜ ਨਾਲ ਗੁਰੂ ਦੀ ਫੌਜ ਇੱਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਹੋਲਾ ਮਹੱਲਾ ਕੱਢਦੀ ਹੈ। ਇਸ ਵਿੱਚ ਨਿਹੰਗ, ਸਿੰਘ, ਪੁਰਾਤਨ ਫ਼ੌਜੀ ਆਨ ਸ਼ਾਨ ਨਾਲ ਸ਼ਾਮਲ ਹੁੰਦੇ ਅਤੇ ਸ਼ਸਤਰਾਂ ਦੇ ਦਸਤਕਾਰ ਵਿਖਾਉਂਦੇ ਹਨ।

                    ਹੋਲਾ ਮਹੱਲਾ ਦਾ ਸ੍ਰੀ ਪਾਉਂਟਾ ਸਾਹਿਬ ਨਾਲ ਵੀ ਜੁੜਿਆ ਹੈ ਇਤਿਹਾਸ

ਹੋਲਾ ਮਹੱਲਾ ਦਾ ਇਤਿਹਾਸ ਗੁਰੂਦਵਾਰਾ ਸ੍ਰੀ ਪਾਉਂਟਾ ਸਾਹਿਬ ਨਾਲ ਵੀ ਜੁੜਿਆ ਹੋਇਆ ਹੈ। ਇੱਥੇ ਵੀ ਹੋਲਾ ਮਹੱਲਾ ‘ਤੇ ਇੱਕ ਮੇਲਾ ਲੱਗਦਾ ਹੈ। ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੈ। ਇਹ ਮੇਲਾ ਹਰ ਸਾਲ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ ‘ਚ ਰੰਗਿਆ ਜਾਂਦਾ ਹੈ।

                                  ਯੁੱਧ-ਵਿੱਦਿਆ ਅਤੇ ਰਸਮਾਂ

ਸਿੱਖ ਇਤਿਹਾਸ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਹੋਲਾ ਮਹੱਲਾ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਆਪ ਇਸ ਮਸਨੂਈ ਲੜਾਈ ਨੂੰ ਵੇਖਦੇ ਅਤੇ ਦੋਵਾਂ ਦਲਾਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ ਸਨ। ਜਿਹੜਾ ਦਲ ਜੇਤੂ ਹੁੰਦਾ, ਉਸ ਨੂੰ ਦੀਵਾਨ ਵਿਚ ਸਿਰੋਪਾਓ ਬਖਸ਼ਿਸ਼ ਕਰਦੇ ਸਨ। ਘੋੜਸਵਾਰੀ ਤੇ ਗਤਕੇਬਾਜ਼ੀ ਦੇ ਜੰਗਜੂ ਕਰਤੱਵ ਦੇਖਣ ਯੋਗ ਹੁੰਦੇ ਹਨ। ਇਸ ਮੌਕੇ ਦੀਵਾਨ ਸਜਦੇ, ਕਥਾ ਕੀਰਤਨ ਹੁੰਦਾ, ਬੀਰ ਰਸੀ ਵਾਰਾਂ ਗਾਈਆਂ ਜਾਂਦੀਆਂ ਅਤੇ ਅਨੇਕ ਤਰ੍ਹਾਂ ਦੀਆਂ ਫੌਜੀ ਕਵਾਇਦਾਂ ਹੁੰਦੀਆਂ। ਹਰ ਪਾਸੇ ਚੜ੍ਹਦੀਕਲਾ ਦਾ ਮਾਹੌਲ ਬਣਿਆ ਰਹਿੰਦਾ। ਗੁਰੂ ਸਾਹਿਬ ਇਨ੍ਹਾਂ ਸਾਰੀਆਂ ਕਾਰਵਾਈਆਂ ਵਿਚ ਖ਼ੁਦ ਸ਼ਾਮਲ ਹੁੰਦੇ ਅਤੇ ਸਿੱਖਾਂ ਦਾ ਉਤਸ਼ਾਹ ਵਧਾਉਂਦੇ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ‘ਤੇ ਹੋਲਾ ਮਹੱਲਾ ਦੇ ਰੂਪ ਵਿੱਚ ਮਨਾਏ ਜਾਂਦੇ ਜੰਗਜੂ ਤਿਉਹਾਰ ‘ਤੇ ਸਿੰਘਾਂ ਦੀਆਂ ਆਪਸ ਵਿਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋਬਲ ਨੂੰ ਉੱਚਾ ਕੀਤਾ।

                                    ਵੱਖ-ਵੱਖ ਸਥਾਨਾਂ ਤੇ ਹੋਲੇ-ਮਹੱਲੇ ਦੀ ਮਹੱਤਤਾ

ਗੁਰੂ ਗੋਬਿੰਦ ਸਿੰਘ ਦੁਆਰਾ ਆਨੰਦਪੁਰ ਸਾਹਿਬ ਵਿੱਚ ਸ਼ੁਰੂ ਕੀਤੀ ਹੋਲਾ ਮਹੱਲਾ ਕੱਢਣ ਦੀ ਰੀਤ ਵਰਤਮਾਨ ਸਮੇਂ ਵੀ ਕੀਤੀ ਗਈ ਹੈ। ਨਿਹੰਗ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਹੋਲਾ ਮਹੱਲਾ ਸ਼ੁਰੂ ਕਰਦੇ ਹਨ। ਨਗਾੜਿਆਂ ਦੀ ਗੂੰਜ ਵਿੱਚ ਨਿਸ਼ਾਨ ਸਾਹਿਬ ਚੜ੍ਹਾਏ ਜਾਂਦੇ ਹਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਲੱਗਣ ਵਾਲੇ ਇਸ ਮੇਲੇ ਵਿੱਚ ਦੂਰ-ਦੂਰ ਤੋਂ ਲੋਕ ਵਹੀਰਾ ਘੱਤ ਕੇ ਆਉਂਦੇ ਹਨ।
(ਹਜ਼ੂਰ ਸਾਹਿਬ ਨੰਦੇੜ) ਵਿੱਚ ਵੀ ਹੋਲੇ ਮਹੱਲੇ ਦਾ ਜਲੂਸ ਨਿਕਲਦਾ ਹੈ। ਜਲੂਸ ਦੇ ਅੱਗੇ ਇੱਕ ਸ਼ਿੰਗਾਰਿਆਂ ਹੋਇਆ ਨੀਲਾ ਘੋੜਾ ਚੱਲਦਾ ਹੈ ਅਤੇ ਪਿੱਛੇ ਸੰਗਤਾਂ। ਘੋੜਾ ਬੜੀ ਤੇਜ਼ੀ ਨਾਲ ਦੌੜਦਾ ਹੈ ਤੇ ਉਸ ਪਿੱਛੇ ਸੰਗਤਾਂ ਦੌੜਦੀਆਂ ਹਨ। ਇਸ ਨੂੰ ‘ਮਹੱਲਾ` ਕਿਹਾ ਜਾਂਦਾ ਹੈ। ਹੋਲੇ ਮਹੱਲੇ ਦਾ ਜਲੂਸ ਆਨੰਦਪੁਰ ਸਾਹਿਬ ਅਤੇ ਹਜ਼ੂਰ ਸਾਹਿਬ ਤੋਂ ਇਲਾਵਾਂ ਹੋਰ ਕਿਧਰੇ ਨਹੀਂ ਨਿਕਲਦਾ।
ਹੋਲਾ ਮਹੱਲਾ ਦੀ ਤਿੱਥ ਨੂੰ ਸ੍ਰੀ ਪਾਉਂਟਾ ਸਾਹਿਬ ਗੁਰਦੁਆਰੇ ਦੇ ਬਾਹਰ ਮੇਲਾ ਲਗਦਾ ਹੈ। ਇਸ ਮੇਲੇ ਵਿੱਚ ਭਾਰੀ ਗਿਣਤੀ ਵਿੱਚ ਦੂਰ-ਦੁਹਾਡੇ ਤੋਂ ਆਏ ਲੋਕ ਸ਼ਾਮਲ ਹੁੰਦੇ ਹਨ। ਇਸ ਸਥਾਨ ਦੀ ਇਤਿਹਾਸਕ ਤੌਰ ਦੀ ਭਾਰੀ ਮਹੱਤਤਾ ਹੈ। ਡਾ. ਵਣਜਾਰਾ ਬੇਦੀ ਅਨੁਸਾਰ, “ਸ੍ਰੀ ਗੁਰੂ ਗੋਬਿੰਦ ਸਿੰਘ ਜੀ 1742 ਬਿਕਰਮੀ ਵਿੱਚ 52 ਕਵੀਆਂ ਅਤੇ ਇੱਥੇ ਸਾਢੇ ਚਾਰ ਸਾਲ ਰਹੇ ਸਨ। ਉਸ ਸਮੇਂ ਸ੍ਰੀ ਪਾਉਂਟਾ ਸਾਹਿਬ ਵਿੱਚ ਹੋਲੇ ਮੁਹੱਲੇ ਵਾਲੇ ਦਿਨ ਸੂਰਮੇ ਆਪਣੇ ਕਰਤੱਬ ਵਿਖਾਉਂਦੇ ਅਤੇ ਕਵੀ ਆਪਣੀ ਕਵਿਤਾ ਸੁਣਾਉਂਦੇ ਸਨ।

Leave a Reply

Your email address will not be published. Required fields are marked *