ਨਵੇਂ ਯੁੱਗ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ 11 ਖਿਡਾਰੀਆਂ ਨੂੰ ਪੀ.ਸੀ.ਐੱਸ. ਅਤੇ ਪੀ.ਪੀ.ਐੱਸ. ਦੀਆਂ ਅਸਾਮੀਆਂ ਲਈ ਨਿਯੁਕਤੀ ਪੱਤਰ ਸੌਂਪੇ, ਜਿਨ੍ਹਾਂ ਨੇ 40 ਸਾਲਾਂ ਬਾਅਦ ਹਾਕੀ ਦੇ ਖੇਤਰ ਵਿੱਚ ਦੇਸ ਲਈ ਕਾਂਸੀ ਦਾ ਤਮਗਾ ਜਿੱਤਿਆ ਅਤੇ ਕ੍ਰਿਕਟ ਤੇ ਸ਼ਾਟ ਪੁੱਟ ਦੇ ਖੇਤਰ ਵਿੱਚ ਨਾਮਣਾ ਖੱਟਿਆ ਹੈ।
ਸੂਬਾ ਸਰਕਾਰ ਨੇ ਹਾਕੀ ਦੀ ਪੁਰਾਣੀ ਸ਼ਾਨ ਕੀਤੀ ਬਹਾਲ
ਮੁੱਖ ਮੰਤਰੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਮੌਕਾ ਹੈ, ਜਿਸ ਕਾਰਨ ਉਨ੍ਹਾਂ ਨੇ ਇਹ ਸਮਾਗਮ ਕਰਵਾ ਕੇ ਆਪਣੀ ਸਰਕਾਰੀ ਰਿਹਾਇਸ਼ ਵਿੱਚ ਨਵੇਂ ਬਣੇ ਆਡੀਟੋਰੀਅਮ ਦਾ ਉਦਘਾਟਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਖੇਡ ਹੋਣ ਦੇ ਬਾਵਜੂਦ ਪਹਿਲਾਂ ਲੋਕ ਹਾਕੀ ਦੀ ਖੇਡ ਪ੍ਰਤੀ ਉਦਾਸੀਨ ਸਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਨੇ ਦੇਸ਼ ਅਤੇ ਸੂਬੇ ਵਿੱਚ ਇਸ ਖੇਡ ਦੀ ਪੁਰਾਣੀ ਸ਼ਾਨ ਬਹਾਲ ਕਰ ਦਿੱਤੀ ਹੈ।
ਹਾਕੀ ਦੇ 9, ਕ੍ਰਿਕਟ ਦੇ 1 ਅਤੇ ਸ਼ਾਟ ਪੁੱਟ ਦੇ 1 ਨੂੰ ਪੀ.ਸੀ.ਐੱਸ. ਅਤੇ ਪੀ.ਪੀ.ਐੱਸ. ਕੀਤਾ ਨਿਯੁਕਤ
ਮੁੱਖ ਮੰਤਰੀ ਨੇ ਕਿਹਾ ਕਿ ਹਾਕੀ ਦੇ 9, ਕ੍ਰਿਕਟ ਦੇ ਇੱਕ ਅਤੇ ਸ਼ਾਟ ਪੁੱਟ ਦੇ ਇੱਕ ਖਿਡਾਰੀ ਸਮੇਤ 11 ਖਿਡਾਰੀਆਂ ਨੂੰ ਪੀ.ਸੀ.ਐੱਸ. ਅਤੇ ਪੀ.ਪੀ.ਐੱਸ. ਦੀ ਭਰਤੀ ਲਈ ਨਿਯੁਕਤੀ ਪੱਤਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਖਿਡਾਰੀਆਂ ਨੂੰ ਪੀ.ਪੀ.ਐੱਸ. ਨਿਯੁਕਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਸਮਸੇਰ ਸਿੰਘ ਅਤੇ ਦਿਲਪ੍ਰੀਤ ਸਿੰਘ (ਹਾਕੀ ਤੋਂ) ਅਤੇ ਹਰਮਨਪ੍ਰੀਤ ਕੌਰ (ਕ੍ਰਿਕਟ) ਅਤੇ ਤੇਜਿੰਦਰ ਤੁਰ (ਸ਼ਾਟ ਪੁੱਟ) ਸ਼ਾਮਲ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਚਾਰ ਹਾਕੀ ਖਿਡਾਰੀਆਂ ਰੁਪਿੰਦਰਪਾਲ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ ਅਤੇ ਗੁਰਜੰਟ ਸਿੰਘ ਨੂੰ ਪੀ.ਸੀ.ਐੱਸ. ਨਿਯੁਕਤ ਕੀਤਾ ਗਿਆ ਹੈ।
ਪਰਵਾਸ ਨੂੰ ਪੁੱਠਾ ਗੇੜ ਆਉਣ ਦੀ ਪ੍ਰਕਿਰਿਆ ਹੋਈ ਸ਼ੁਰੂ
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪਰਵਾਸ ਨੂੰ ਪੁੱਠਾ ਗੇੜ ਆਉਣ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਵਿਦੇਸਾਂ ਵਿੱਚ ਵਸੇ ਨੌਜਵਾਨ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਵਾਪਸ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦੀ ਪਹਿਲਕਦਮੀ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਇਹੀ ‘ਉਲਟਾ ਰੁਝਾਨ’ ਸ਼ੁਰੂ ਹੋ ਜਾਵੇਗਾ ਕਿਉਂਕਿ ਦੂਜੇ ਸੂਬਿਆਂ ਦੇ ਖਿਡਾਰੀ ਪੰਜਾਬ ਸਰਕਾਰ ਦਾ ਹਿੱਸਾ ਬਣਨ ਲਈ ਤਿਆਰ ਹੋਣਗੇ।