ਭਗਤੀ ਲਹਿਰ ਦੇ ਮੋਢੀ, ਸੰਤ, ਤਪੱਸਵੀ, ਸਮਾਜ ਸੁਧਾਰਕ ਅਤੇ ਮਹਾਨ ਕਵੀ ਗੁਰੂ ਰਵਿਦਾਸ ਜੀ ਮਹਾਰਾਜ ਨੇ 16 ਫਰਵਰੀ (ਮਾਘ ਸੁਦੀ 15 ਸੰਮਤ 1633) ਨੂੰ ਬਨਾਰਸ ਨੇੜੇ ਸੀਰ ਗੋਵਰਧਨਪੁਰ ਵਿੱਚ ਦਲਿਤ ਅਤੇ ਗਰੀਬ ਪਰਿਵਾਰ ਵਿੱਚ ਹੋਇਆ ਮੰਨਿਆ ਜਾਂਦਾ ਹੈ। ਗੁਰੂ ਰਵਿਦਾਸ ਜੀ ਦੇ ਜਨਮ ਸੰਬੰਧੀ ਤਰੀਕਾਂ ਬਾਬਤ ਇਤਿਹਾਸਕਾਰ ਇੱਕਮੱਤ ਨਹੀਂ ਹਨ। ਉਹਨਾਂ ਦੇ ਪਿਤਾ ਸੰਤੋਖ ਦਾਸ ਅਤੇ ਮਾਤਾ ਦਾ ਨਾਂ ਕਲਸਾਂ ਦੇਵੀ ਸੀ। ਉਂਝ ਉਹਨਾਂ ਦਾ ਜਨਮ ਮਾਘ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਗੁਰੂ ਰਵਿਦਾਸ ਜੀ ਦਾ ਜਨਮ ਐਤਵਾਰ (ਰਵੀਵਾਰ) ਨੂੰ ਹੋਇਆ ਸੀ, ਜਿਸ ਕਾਰਨ ਉਹਨਾਂ ਦਾ ਨਾਂ ਰਵਿਦਾਸ ਰੱਖਿਆ ਗਿਆ ਸੀ।
ਗੁਰੂ ਰਵਿਦਾਸ ਜੀ ਦੀ ਬਾਲ-ਅਵਸਥਾ
ਉਹਨਾਂ ਦੇ ਪਿਤਾ ਜੀ ਅਤੇ ਮਾਤਾ ਜੀ ਬਹੁਤ ਹੀ ਦਿਆਲੂ ਅਤੇ ਨਿਮਰਤਾ ਭਰੇ ਸੁਭਾਅ ਦੇ ਸਨ। ਸਹਿਜੇ ਉਹਨਾਂ ਦਾ ਗੁਰੂ ਰਵਿਦਾਸ ਜੀ ’ਤੇ ਅਸਰ ਹੋਣਾ ਸੁਭਾਵਿਕ ਸੀ। ਇਸ ਤਰ੍ਹਾਂ ਉਹ ਸ਼ੁਰੂ ਤੋਂ ਹੀ ਸਮਾਜਿਕ ਬੰਧਨਾਂ ਤੋਂ ਉਲਟ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ। ਉਹਨਾਂ ਨੂੰ ਪੜਾਈ ਕਰਨ ਲਈ ਪੰਡਿਤ ਸ਼ਾਰਧਾ ਨੰਦ ਕੋਲ ਪੜਨ ਲਈ ਭੇਜਿਆ ਗਿਆ। ਉਹਨਾਂ ਦਾ ਮਨ ਪੜ੍ਹਾਈ ਵਿੱਚ ਨਹੀਂ ਸੀ, ਪਰ ਉਹਨਾਂ ਅੰਦਰ ਪ੍ਰਭੂ ਗਿਆਨ ਦੀ ਰੌਸ਼ਨੀ ਦਾ ਚਿਰਾਗ ਅਧਿਆਤਮਿਕ ਚਾਨਣ ਫੈਲਾਅ ਰਿਹਾ ਸੀ। ਦੁਨਿਆਵੀ ਬੰਧਨਾਂ ਤੋਂ ਮੁਕਤ ਹੋ ਕੇ ਪੜ੍ਹਾਈ ਛੱਡ ਕੇ 10 ਸਾਲ ਦੀ ਉਮਰ ਵਿੱਚ ਉਹ ਪਿਤਾ ਨਾਲ ਜੁੱਤੀਆਂ ਗੰਢਣ ਦਾ ਕੰਮ ਕਰਨ ਲੱਗ ਪਏ ਸਨ ਅਤੇ ਨਿਰੰਕਾਰ ਦੇ ਸਿਮਰਨ ਵਿੱਚ ਲੀਨ ਰਹਿੰਦੇ ਸਨ।
ਲੋਕਾਈ ਨੂੰ ਸੁਨੇਹਾ
ਗੁਰੂ ਰਵਿਦਾਸ ਜੀ ਨੇ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ ਨੂੰ ਅਣਖ ਅਤੇ ਸਵੈਮਾਣ ਨਾਲ ਜਿਉਣ ਦਾ ਸਬਕ ਸਿਖਾਇਆ ਅਤੇ ਲੋਕਾਈ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਕੋਈ ਵੀ ਮਨੁੱਖ ਕੰਮ-ਕਾਰ ਕਰਕੇ ਵੱਡਾ ਛੋਟਾ ਨਹੀਂ, ਸਗੋਂ ਉਸਦੀ ਸੋਚ ਅਤੇ ਸਮਝ ਹੀ ਉਸਨੂੰ ਵੱਡਾ ਜਾਂ ਛੋਟਾ ਬਣਾਉਂਦੀ ਹੈ। ਇਸ ਕਰਕੇ ਹੀ ਉਨ੍ਹਾਂ ਕਦੇ ਆਪਣੇ ਪਿਤਾ ਪੁਰਖੀ ਕਿੱਤੇ ਨੂੰ ਨਹੀਂ ਲੁਕਾਇਆ, ਸਗੋਂ ਕੰਮ ਬਾਰੇ ਸਵੈਮਾਣ ਅਤੇ ਇੱਜਤ ਨਾਲ ਕਿਹਾ, “ਮੇਰੀ ਜਾਤਿ ਕੁਟ ਬਾਂਢਲਾ ਢੋਰ ਢੁਵੰਤਾ ਨਿਤਹਿ ਬਨਾਰਸੀ ਆਸਾ ਪਾਸਾ ॥” ਇਸ ਤਰ੍ਹਾਂ ਗੁਰੂ ਰਵਿਦਾਸ ਜੀ ਨੇ ਸਮਾਜਵਾਦੀ ਸ਼ਕਤੀਆਂ ਨੂੰ ਉਭਾਰਿਆ ਅਤੇ ਇਨਕਲਾਬੀ ਲਹਿਰ ਦਾ ਮੁੱਢ ਬੰਨ ਕੇ ਬ੍ਰਾਹਮਣਵਾਦ ਨੂੰ ਹਲੂਣਿਆ।
ਸਮਾਜਵਾਦੀ ਅਤੇ ਪਾਏਦਾਰ ਸਮਾਜ ਦੇ ਹਾਮੀ
ਭਗਤ ਕਬੀਰ ਜੀ, ਭਗਤ ਨਾਮਦੇਵ, ਭਗਤ ਪੀਪਾ ਜੀ, ਭਗਤ ਸੈਣ ਜੀ ਆਦਿ ਭਗਤ ਰਵਿਦਾਸ ਜੀ ਦੇ ਸਮਕਾਲੀ ਹੋਏ ਹਨ। ਇਹ ਸਾਰੇ ਭਗਤਾਂ ਅਤੇ ਸਿੱਖ ਸਿਧਾਂਤ ਇੱਕ ਸਮਾਜਵਾਦੀ ਅਤੇ ਪਾਏਦਾਰ ਸਮਾਜ ਦੇ ਹਾਮੀ ਸਨ। ਗੁਰੂ ਰਵਿਦਾਸ ਦਾਸ ਜੀ ਨੇ ਲਿਖਿਆ ਹੈ,
“ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਭਨੁ ਕੋ ਅੰਨ॥
ਛੋਟ ਬੜੇ ਸਭ ਸਮ ਵਸੇ, ਰਵਿਦਾਸ ਰਹੇ ਪ੍ਰਸੰਨ ॥”
ਉਹਨਾਂ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਚਿਤੌੜਗੜ੍ਹ ਦੇ ਰਾਜਾ ਅਤੇ ਰਾਣੀ ਉਹਨਾਂ ਦੇ ਉਪਾਸ਼ਕ ਬਣ ਗਏ ਸਨ। ਮੀਰਾਂ ਬਾਈ ਵੀ ਉਹਨਾਂ ਦੇ ਆਨੁਯਾਈਆਂ ਵਿੱਚੋਂ ਇੱਕ ਸੀ। ਗੁਰੂ ਰਵਿਦਾਸ ਜੀ ਅਜਿਹੇ ਸਮਾਜ ਦੀ ਸਿਰਜਣਾ ਦੇ ਹਾਮੀ ਸਨ, ਜਿੱਥੇ ਦੁੱਖ ਤਕਲੀਫਾਂ, ਟੈਕਸ ਆਦਿ ਦੀ ਕਲਪਨਾ ਵੀ ਨਾ ਹੋਵੇ। ਉਹਨਾਂ ਨੇ ਆਪਣੀ ਬਾਣੀ ਵਿੱਚ ਲਿਖਿਆ ਹੈ,
“ਬੇਗਮਪੁਰਾ ਸ਼ਹਿਰ ਕੋ ਨਾਉ, ਦੂਖ ਅਨਦੋਹ ਨਾਹੀ ਤਹਿ ਠਾਉ।
ਨਾ ਤਸਵੀਸੁ ਖਿਰਾਸ ਨਾ ਮਾਲੁ, ਖਾਉਫ ਨਾ ਖਤਾ, ਨਾ ਤਰਸ ਜਵਾਲੁ।
ਅਬ ਮੋਹਿ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਰਹਾਉ।
ਕਾਇਮ ਦਾਇਮ ਸਦਾ ਪਾਤਸ਼ਾਹਿ, ਦੋਮ ਨਾ ਸੇਮ ਏਕ ਸੋ ਆਹੀ।
ਆਬਾਦਾਨ ਸਦਾ ਮਸ਼ਹੂਰ, ਊਹਾਂ ਗਨਿ ਵਸਹਿ ਮਾਮੂਰ।
ਤਿਉ ਤਿਉ ਸੈਲ ਕਰੇ ਜਿਉ ਭਾਵੇ, ਮਹਿਰਮ ਮਹਿਲ ਨਾ ਕੋ ਅਟਕਾਵੇ।
ਕਹੁ ਰਵਿਦਾਸ ਖ਼ਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤੁ ਹਮਾਰਾ।”
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂਆਂ ,ਪੀਰਾਂ,ਭਗਤਾਂ, ਭੱਟਾਂ ਆਦਿ ਨਾਲ ਗੁਰੂ ਰਵਿਦਾਸ ਜੀ ਦੇ ਵੀ 40 ਸ਼ਬਦ ਦਰਜ ਹਨ। ਉਹਨਾਂ ਦੀ ਬਾਣੀ ਵਿੱਚ ਪਰਮ ਪ੍ਰਮਾਤਮਾ, ਆਕਾਲ ਪੁਰਖ ਅਤੇ ਹਰੀ ਦੇ ਨਾਮ ਦੀ ਉਸਤਤਿ ਹੈ। ਉਹਨਾਂ ਮਨੁੱਖ ਨੂੰ ਕਾਮ, ਕ੍ਰੋਧ, ਲੋਭ,ਮੋਹ, ਹੰਕਾਰ ਆਦਿ ਤੋਂ ਬਚਣ ਅਤੇ ਹਉਮੈ, ਹੰਕਾਰ ਤਿਆਗ ਕੇ ਪ੍ਰਮਾਤਮਾ ਦੇ ਨਾਮ ਨਾਲ ਲੀਨ ਹੋਣ, ਮਾੜੇ ਕੰਮਾਂ ਤੋਂ ਬਚਣ, ਮਨੁੱਖਤਾ ਦੀ ਸੇਵਾ ਲਈ ਤਤਪਰ ਰਹਿਣ ਦਾ ਸੰਦੇਸ਼ ਦਿੱਤਾ ਹੈ। ਉਹਨਾਂ ਝੂਠੇ ਕਰਮ ਕਾਂਡਾਂ, ਝੂਠੇ ਆਡੰਬਰਾਂ,ਪੱਥਰਾਂ ਜਾਂ ਮੂਰਤੀ ਪੂਜਾ, ਅੰਧ ਵਿਸ਼ਵਾਸ ਅਤੇ ਮੂਰਤੀਆਂ ਅਤੇ ਪੱਥਰਾਂ ਅੱਗੇ ਚੜਾਵੇ ਚੜਾਉਣ ਦਾ ਵਿਰੋਧ ਕਰਦਿਆਂ ਨਾਮ ਜਪਣ ਨੂੰ ਸਭ ਤੋਂ ਉੱਤਮ ਦੱਸਿਆ ਹੈ।
ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੇ ਹਾਮੀ ਬਣੀਏ
ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਸਦਾ ਸਾਨੂੰ ਰਾਹ ਦਰਸਾਉਂਦੀਆਂ ਰਹਿਣਗੀਆਂ। ਅਜੋਕੇ ਸਮਾਜ ਦੀ ਨਵੀਂ ਪੀੜ੍ਹੀ ਨੂੰ ਉਹਨਾਂ ਦੀਆਂ ਸਿੱਖਿਆਵਾਂ ਦਾ ਹਾਮੀ ਬਣਨਾ ਚਾਹੀਦਾ ਹੈ ਅਤੇ ਉਹਨਾਂ ਦੇ ਸੁਪਨਿਆਂ ਦੇ ਦੇਸ਼ ਬੇਗਮਪੁਰਾ ਦੀ ਸਿਰਜਣਾ ਲਈ ਯਤਨਾਂ ਲਈ ਪ੍ਰੌੜਤਾ ਅਤੇ ਉੱਦਮ ਕਰਨਾ ਚਾਹੀਦਾ ਹੈ। ਇਸ ਵਾਰ 24 ਫਰਵਰੀ ਦੇ ਦਿਨ ਬਹੁਤ ਹੀ ਉਤਸ਼ਾਹ,ਸ਼ਰਧਾ ਅਤੇ ਧੂਮਧਾਮ ਨਾਲ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ।