ਸੂਬੇ ਵਿੱਚ ਸੜਕ ਹਾਦਸੇ ਘਟਾ ਕੇ ਸਾਲਾਨਾ 3000 ਦੇ ਕਰੀਬ ਬਹੁਮੁੱਲੀਆਂ ਮਨੁੱਖੀ ਜਾਨਾਂ ਬਚਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਦੇਸ਼ ਦੀ ਪਹਿਲੀ ‘ਸੜਕ ਸੁਰੱਖਿਆ ਫੋਰਸ’ ਦਾ ਗਠਨ ਕਰ ਦਿੱਤਾ ਹੈ ਅਤੇ ਇਸ ਸੰਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 27 ਜਨਵਰੀ ਨੂੰ 129 ਹਾਈ-ਟੈੱਕ ਵਾਹਨਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ।
‘ਸੜਕ ਸੁਰੱਖਿਆ ਫੋਰਸ’ 5500 ਕਿਲੋਮੀਟਰ ਸੜਕਾਂ ਦੀ ਕਰੇਗੀ ਨਿਗਰਾਨੀ
ਇਹ ਫੋਰਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ 5500 ਕਿਲੋਮੀਟਰ ਸੜਕਾਂ ਦੀ ਨਿਗਰਾਨੀ ਕਰੇਗੀ। ਸੜਕ ਸੁਰੱਖਿਆ ਫੋਰਸ ਨੂੰ ਸੜਕਾਂ ਦੀ ਕੁਸ਼ਲਤਾ ਨਾਲ ਨਿਗਰਾਨੀ ਕਰਨ ਲਈ ਪਹਿਲੇ ਪੜਾਅ ਵਿੱਚ 144 ਅਤਿ-ਆਧੁਨਿਕ ਵਾਹਨ ਦਿੱਤੇ ਗਏ ਹਨ। ਇਨ੍ਹਾਂ ਵਾਹਨਾਂ ਵਿੱਚ 116 ਟੋਇਟਾ ਹਿਲਕਸ ਅਤੇ 28 ਮਹਿੰਦਰਾ ਸਕਾਰਪੀਓ ਸਾਮਲ ਹਨ ਅਤੇ ਸੜਕਾਂ ਦੀ ਨਿਗਰਾਨੀ ਲਈ ਇਹ ਵਾਹਨ ਹਰ 30 ਕਿਲੋਮੀਟਰ ਦੇ ਵਕਫ਼ੇ ਨਾਲ ਤਾਇਨਾਤ ਕੀਤੇ ਜਾਣਗੇ। ਇਹਨਾਂ ਵਾਹਨਾਂ ਵਿੱਚ ਚਾਰ ਪੁਲਿਸ ਮੁਲਾਜਮਾਂ ਦੀ ਟੀਮ ਹੋਵੇਗੀ ਜਿਸ ਦੀ ਅਗਵਾਈ ਪੈਟਰੋਲਿੰਗ ਇੰਚਾਰਜ ਵਜੋਂ ਏ.ਐੱਸ.ਆਈ. ਜਾਂ ਉਸ ਤੋਂ ਉੱਚ ਰੈਂਕ ਦਾ ਅਧਿਕਾਰੀ ਕਰੇਗਾ। ਹਰ ਜ਼ਿਲ੍ਹੇ ਵਿਚ ਰੋਡ ਇੰਟਰਸੈਪਟਰ ਤਾਇਨਾਤ ਕੀਤੇ ਜਾਣਗੇ ਜਿਨ੍ਹਾਂ ਦੀ ਨਿਗਰਾਨੀ ਤਿੰਨ ਪੁਲਿਸ ਮੁਲਾਜ਼ਮ ਕਰਨਗੇ।
ਅਤਿ-ਆਧੁਨਿਕ ਉਪਕਰਨਾਂ ਨਾਲ ਲੈਸ ਵਾਹਨ
ਐੱਸ.ਐੱਸ.ਐੱਫ. ਦੇ ਪਹਿਲੇ ਪੜਾਅ ਵਿੱਚ 1296 ਨਵੇਂ ਭਰਤੀ ਪੁਲਿਸ ਮੁਲਾਜਮਾਂ ਅਤੇ ਮੌਜੂਦਾ 432 ਮੁਲਾਜਮਾਂ ਨੂੰ ਤਾਇਨਾਤ ਕੀਤਾ ਜਾਵੇਗਾ। ਇਹ ਟੀਮਾਂ ਅੱਠ ਘੰਟੇ ਦੀ ਸ਼ਿਫਟ ਮੁਤਾਬਿਕ 24 ਘੰਟੇ ਤਾਇਨਾਤ ਰਹਿਣਗੀਆਂ ਜਿਸ ਸੰਬੰਧੀ ਉਨ੍ਹਾਂ ਨੂੰ ਪੁਲਿਸ ਟਰੇਨਿੰਗ ਅਕੈਡਮੀ, ਕਪੂਰਥਲਾ ਵਿਖੇ ਵਿਸੇਸ ਸਿਖਲਾਈ ਦਿੱਤੀ ਗਈ ਹੈ। ਟਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਲਈ ਇਹ ਵਾਹਨ ਸਪੀਡ ਗਨ, ਐਲਕੋਮੀਟਰ, ਈ-ਚਾਲਾਨ ਮਸੀਨਾਂ ਅਤੇ ਏ.ਆਈ. ਅਧਾਰਿਤ ਸਮਾਰਟ ਪ੍ਰਣਾਲੀ ਵਰਗੇ ਅਤਿ-ਆਧੁਨਿਕ ਉਪਕਰਨਾਂ ਨਾਲ ਲੈਸ ਹਨ। ਉਨ੍ਹਾਂ ਕੋਲ ਕਮਾਂਡ ਐਂਡ ਕੰਟਰੋਲ ਸੈਂਟਰ ਦੇ ਨਾਲ ਨਾਲ ਰੀਅਲ-ਟਾਈਮ ਸੀ.ਸੀ.ਟੀ.ਵੀ. ਕੈਮਰਿਆਂ ਵਾਲੀ ਰਿਕਵਰੀ ਵੈਨ ਵੀ ਹੋਵੇਗੀ। ਇਸ ਦੇ ਨਾਲ ਹੀ ਸੜਕ ਹਾਦਸਿਆਂ ਦੀ ਜਾਂਚ ਅਤੇ ਤਕਨੀਕੀ ਕੰਮ ਸੰਭਾਲਣ ਲਈ ਮਕੈਨੀਕਲ ਇੰਜੀਨੀਅਰ, ਸਿਵਲ ਇੰਜੀਨੀਅਰ ਅਤੇ ਆਈ.ਟੀ. ਮਾਹਿਰ ਵੀ ਹੋਣਗੇ।
ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਸਮਰਿਪਤ ਫੋਰਸ
ਜਲੰਧਰ ਦੇ ਪੀ.ਏ.ਪੀ. ਗਰਾਊਂਡ ਵਿਖੇ ਇਸ ਫੋਰਸ ਦੀ ਸ਼ੁਰੂਆਤ ਕਰਨ ਲਈ ਰੱਖੇ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਲਈ ਇਹ ਇਤਿਹਾਸਕ ਪਲ ਹਨ ਕਿਉਂਕਿ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਸਮਰਿਪਤ ਫੋਰਸ ਗਠਿਤ ਕੀਤੀ ਗਈ ਹੈ ਜਿਸ ਨਾਲ ਲੋਕਾਂ ਦੀ ਜਾਨ ਬਚਾਈ ਜਾ ਸਕੇਗੀ। ਭਗਵੰਤ ਸਿੰਘ ਮਾਨ ਨੇ ਉਮੀਦ ਕੀਤੀ ਕਿ ਇਹ ਫੋਰਸ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਅਤੇ ਆਵਾਜਾਈ ਦੀ ਵਿਵਸਥਾ ਨੂੰ ਸੁਚਾਰੂ ਬਣਾਉਣ ਵਿੱਚ ਬਹੁਤ ਵੱਡਾ ਰੋਲ ਅਦਾ ਕਰੇਗੀ। ਭਗਵੰਤ ਸਿੰਘ ਮਾਨ ਨੇ ਐੱਸ.ਐੱਸ.ਐੱਫ. ਦੇ ਸਟਾਫ਼ ਨੂੰ ਵੀ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਆਪਣੀ ਡਿਊਟੀ ਹੋਰ ਵਧੇਰੇ ਇਮਾਨਦਾਰੀ ਅਤੇ ਸਮਰਪਿਤ ਭਾਵਨਾ ਨਾਲ ਨਿਭਾਉਣ ਲਈ ਆਖਿਆ।
ਐੱਸ.ਐੱਸ.ਐੱਫ. ਦਾ ਗਠਨ ਪੰਜਾਬ ਨੂੰ ਸਭ ਤੋਂ ਸੁਰੱਖਿਅਤ ਸੂਬਾ ਬਣਾਉਣ ਵੱਲ ਢੁਕਵਾਂ ਕਦਮ
ਐਸ.ਐਸ.ਐਫ. ਦੇ ਗਠਨ ਨਾਲ ਪੁਲਿਸ ਦੇ ਜਵਾਨ ਆਪਣੀ ਪੁਲਿਸ ਡਿਊਟੀ ਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਅ ਸਕਣਗੇ। ਜਿਹੜੇ ਵਾਹਨ ਇਸ ਫੋਰਸ ਨੂੰ ਦਿੱਤੇ ਗਏ ਹਨ, ਉਹ ਵਾਹਨ ਦੁਨੀਆ ਭਰ ਦੇ ਸਭ ਤੋਂ ਵਧੀਆ ਵਾਹਨਾਂ ਵਿੱਚੋਂ ਇੱਕ ਹਨ। ਐੱਸ.ਐੱਸ.ਐੱਫ. ਆਮ ਵਿਅਕਤੀ ਦੀ ਜਾਨ ਬਚਾਉਣ ਲਈ ਅਹਿਮ ਭੂਮਿਕਾ ਨਿਭਾਏਗੀ ਅਤੇ ਹੁਣ ਤੋਂ ਐੱਸ.ਐੱਸ.ਐੱਫ. ਦੇ ਕੰਮਕਾਜ ਦੀ ਪੜਚੋਲ ਕਰਨ ਲਈ ਹਰ ਮਹੀਨੇ ਦੇ ਅੰਕੜਿਆਂ ਦਾ ਅਧਿਐਨ ਕੀਤਾ ਜਾਵੇਗਾ ਅਤੇ ਹਰ ਮਹੀਨੇ ਤੋਂ ਬਾਅਦ ਅੰਕੜੇ ਲੋਕਾਂ ਨਾਲ ਸਾਂਝੇ ਕੀਤੇ ਜਾਣਗੇ। ਐੱਸ.ਐਸ.ਐੱਫ. ਦਾ ਗਠਨ ਸੜਕ ਹਾਦਸਿਆਂ ਦੇ ਸਬੰਧ ਵਿੱਚ ਪੰਜਾਬ ਨੂੰ ਸਭ ਤੋਂ ਸੁਰੱਖਿਅਤ ਸੂਬਾ ਬਣਾਉਣ ਵੱਲ ਢੁਕਵਾਂ ਕਦਮ ਹੈ।