ਬਾਲ ਮਜ਼ਦੂਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ

ਬਾਲ ਮਜ਼ਦੂਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ

ਹਰ ਸਾਲ 12 ਜੂਨ ਨੂੰ ਵਿਸ਼ਵ ਭਰ ਵਿੱਚ “ਵਿਸ਼ਵ ਬਾਲ ਮਜ਼ਦੂਰੀ ਵਿਰੁੱਧ ਦਿਵਸ” ਮਨਾਇਆ ਜਾਂਦਾ ਹੈ। ਇਹ ਦਿਵਸ ਸਿਰਫ਼ ਇੱਕ ਤਰੀਕ ਨਹੀਂ, ਬਲਕਿ ਇਹ ਇੱਕ ਸੰਕੇਤ ਹੈ ਕਿ ਹੁਣ ਵੀ ਲੱਖਾਂ ਬੱਚੇ ਦੁਨੀਆ ਭਰ ਵਿੱਚ ਆਪਣਾ ਬਚਪਨ ਮਿਹਨਤ ਵਿੱਚ ਗੁਆ ਰਹੇ ਹਨ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਬੱਚਾ ਖੇਡਣ, ਪੜ੍ਹਨ ਅਤੇ ਸੁਪਨੇ ਦੇਖਣ ਦਾ ਹੱਕਦਾਰ ਹੈ, ਨਾ ਕਿ ਕਰਖਾਨਿਆਂ, ਖੇਤਾਂ ਜਾਂ ਹੋਰ ਖਤਰਨਾਕ ਕੰਮਾਂ ਵਿੱਚ ਆਪਣੀ ਉਮਰ ਲੰਘਾਉਣ ਦਾ।

ਬਾਲ ਮਜ਼ਦੂਰੀ ਇੱਕ ਗੰਭੀਰ ਸਮੱਸਿਆ

ਬਾਲ ਮਜ਼ਦੂਰੀ ਦਾ ਅਰਥ ਹੈ : ਬੱਚਿਆਂ ਤੋਂ ਉਹ ਕੰਮ ਲੈਣਾ ਜੋ ਉਨ੍ਹਾਂ ਦੀ ਉਮਰ, ਸਿਹਤ, ਸਿੱਖਿਆ ਅਤੇ ਆਮ ਵਿਕਾਸ ਲਈ ਘਾਤਕ ਹੋਵੇ। ਅੰਤਰਰਾਸ਼ਟਰੀ ਮਜ਼ਦੂਰੀ ਸੰਸਥਾ (ILO) ਦੇ ਅਨੁਸਾਰ, ਵਿਸ਼ਵ ਭਰ ਵਿੱਚ ਲਗਭਗ 160 ਮਿਲੀਅਨ ਬੱਚੇ ਬਾਲ ਮਜ਼ਦੂਰੀ ਵਿੱਚ ਲਗੇ ਹੋਏ ਹਨ। ਇਨ੍ਹਾਂ ਵਿੱਚੋਂ ਬਹੁਤੇ ਬੱਚੇ ਉਨ੍ਹਾਂ ਦੀ ਉਮਰ ਨਾਲੋਂ ਵੱਡਾ ਕੰਮ ਕਰ ਰਹੇ ਹਨ ਜਿਵੇਂ ਕਿ ਇੱਟਾਂ ਦੀ ਭੱਠੀ, ਖੇਤੀਬਾੜੀ, ਚਮੜੇ ਦਾ ਉਦਯੋਗ, ਘਰੇਲੂ ਕੰਮ ਅਤੇ ਹੋਰ ਅਣੁਚਿੱਤੇ ਹਾਲਾਤਾਂ ਵਾਲੇ ਸਥਾਨਾਂ ‘ਤੇ।

ਬਾਲ ਮਜ਼ਦੂਰੀ ਪਿੱਛੇ ਕਾਰਨ:

ਗਰੀਬੀ – ਪਰਿਵਾਰ ਕੋਲ ਆਮਦਨ ਦਾ ਘੱਟ ਜਾਂ ਕੋਈ ਹੋਰ ਸਰੋਤ ਨਹੀਂ ਹੋਣ ਕਰਕੇ ਬੱਚਿਆਂ ਨੂੰ ਮਜ਼ਦੂਰੀ ਵਾਲੇ ਕੰਮ ਕਰਨੇ ਪੈਂਦੇ ਹਨ।

ਅਣਪੜ੍ਹਤਾ – ਅਣਪੜ੍ਹਤਾ ਦਾ ਮੁੱਖ ਕਾਰਨ ਇਹ ਵੀ ਹੈ ਕੇ ਮਾਪਿਆਂ ਨੂੰ ਨਹੀਂ ਪਤਾ ਕਿ ਸਿੱਖਿਆ ਬੱਚੇ ਲਈ ਕਿੰਨੀ ਜ਼ਰੂਰੀ ਹੈ। ਪੈਸਿਆਂ ਦਾ ਘੱਟ ਹੋਣਾ ਸਿੱਖਿਆ ‘ਤੇ ਅਸਰ ਪਾਉਂਦਾ ਹੈ ਅਤੇ ਉਹ ਸੋਚਦੇ ਹਨ ਕੇ ਛੋਟੀ ਉਮਰ ‘ਚ ਕੰਮ ਲੱਗ ਕੇ ਛੇਤੀ ਪੈਸਿਆਂ ਪੱਖੋਂ ਪਰਿਵਾਰ ਦੀ ਤੰਗੀ ਖ਼ਤਮ ਕੀਤੀ ਜਾ ਸਕਦੀ ਹੈ।

ਸਿੱਖਿਆ ਦੀ ਕਮੀ – ਬਦਕਿਸਮਤੀ ਨਾਲ, ਕਈ ਪਿੰਡਾਂ ਅਤੇ ਪਿੱਛੜੇ ਇਲਾਕਿਆਂ ਵਿੱਚ ਅੱਜ ਵੀ ਸਕੂਲ ਜਾਂ ਅਧਿਆਪਕ ਨਹੀਂ ਹਨ। ਕੁਝ ਸ਼ਹਿਰਾਂ ਅਤੇ ਦਿਹਾਤੀ ਖੇਤਰਾਂ ‘ਚ ਲੋੜ੍ਹੀਂਦੇ ਬੁਨਿਆਦੀ ਢਾਂਚੇ ਵੀ ਮਨੁੱਖੀ ਵਿਕਾਸ ‘ਤੇ ਅਸਰ ਪਾਉਂਦੇ ਹਨ ।

ਬਾਲ ਮਜ਼ਦੂਰੀ ਨੂੰ ਖ਼ਤਮ ਕਰਨ ਲਈ ਕੀ ਹੱਲ ਹੋ ਸਕਦਾ ਹੈ

ਬਾਲ ਮਜ਼ਦੂਰੀ ਖਤਮ ਕਰਨ ਲਈ ਸਿਰਫ਼ ਕਾਨੂੰਨਾਂ ਦੀ ਲੋੜ ਨਹੀਂ, ਸਾਰੀਆਂ ਪੀੜਤ ਸਮਾਜਿਕ ਪ੍ਰਥਾਵਾਂ ਨੂੰ ਬਦਲਣ ਦੀ ਵੀ ਬੇਹੱਦ ਲੋੜ ਹੁੰਦੀ ਹੈ।

  1. ਸਿੱਖਿਆ – ਹਰ ਬੱਚੇ ਨੂੰ ਮੁਫ਼ਤ ਅਤੇ ਗੁਣਵੱਤਾ ਵਾਲੀ ਸਿੱਖਿਆ ਮਿਲਣੀ ਚਾਹੀਦੀ ਹੈ। ਸਕੂਲਾਂ ‘ਚ ਆਧੁਨਿਕ ਸਹੂਲਤਾਂ ਅਤੇ ਪੱਕੇ ਪ੍ਰਬੰਧ ਹੋਣੇ ਚਾਹੀਦੇ ਹਨ,ਜੋ ਸਿੱਖਿਆ ਸਦਕਾ ਬੱਚਿਆਂ ਦੇ ਮਨਾਂ ਤੇ ਚੰਗਾ ਪ੍ਰਭਾਵ ਪਾਉਣ।
  2. ਮਾਪਿਆਂ ਦੀ ਜਾਗਰੂਕਤਾ – ਸਮਾਜ ਵਿੱਚ ਜੋ ਅਜੰਸੀਆਂ ਅਤੇ ਸੰਸਥਾਵਾਂ ਕੰਮ ਕਰ ਰਹੀਆਂ ਹਨ ਉਨ੍ਹਾਂ ਰਾਹੀਂ ਮਾਪਿਆਂ ਨੂੰ ਸਮਝਾਉਣਾ ਪਵੇਗਾ ਕਿ ਛੋਟੀ ਉਮਰ ਵਿੱਚ ਬੱਚਿਆਂ ਲਈ ਕੰਮ ਨਹੀਂ, ਸਗੋਂ ਪੜ੍ਹਕੇ ਸਿੱਖਣਾ ਫ਼ਿਰ ਸਿਖਕੇ ਕੰਮ ਕਰਨਾ ਜ਼ਰੂਰੀ ਹੈ।
  3. ਸਰਕਾਰੀ ਸਕੀਮਾਂ – ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਆਰਥਿਕ ਮਦਦ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜ ਸਕਣ, ਸਿੱਖਿਆ ਸੰਬੰਧੀ ਉਨ੍ਹਾਂ ਦੀਆਂ ਜ਼ਰੂਰਤ ਪੂਰੀਆਂ ਕਰ ਸਕਣ ਆਦਿ ਜ਼ਿੰਦਗੀ ਦੀਆਂ ਆਮ ਜ਼ਰੂਰਤਾਂ ਵੀ ਪੂਰੀਆਂ ਹੋ ਸਕਣ।
  4. ਸਖ਼ਤ ਕਾਨੂੰਨੀ ਕਾਰਵਾਈ – ਜਿੱਥੇ ਵੀ ਬਾਲ ਮਜ਼ਦੂਰੀ ਮੌਜੂਦ ਹੋਵੇ, ਉੱਥੇ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਉਲੰਘਣਾ ਕਰਨ ਵਾਲਿਆਂ ਨੂੰ ਅਤੇ ਉਨ੍ਹਾਂ ਨਾਲ ਮੌਜੂਦ ਵਿਅਕਤੀਆਂ ਨੂੰ ਗ਼ਲਤ ਕਦਮ ਚੁੱਕਣ ਬਾਰੇ ਪਤਾ ਲੱਗ ਸਕੇ। ਪੰਜਾਬ ਵਿੱਚ ਸਥਿਤੀ

ਪੰਜਾਬ ਵਿੱਚ ਹੁਣ ਵੀ ਕਈ ਥਾਵਾਂ ‘ਤੇ ਬਾਲ ਮਜ਼ਦੂਰੀ ਦੇ ਮਾਮਲੇ ਸਾਹਮਣੇ ਆਉਂਦੇ ਹਨ। ਖੇਤਾਂ ਵਿੱਚ ਕੰਮ ਕਰਦੇ ਹੋਏ ਬੱਚੇ, ਢਾਬਿਆਂ ਅਤੇ ਚਾਹ ਦੀਆਂ ਦੁਕਾਨਾਂ ‘ਚ ਕੰਮ ਕਰਦੇ ਹੋਏ ਆਦਿ। ਪੰਜਾਬ ਸਰਕਾਰ ਨੇ ਕਈ ਵਾਰ ਮੁਹਿੰਮਾਂ ਚਲਾਈਆਂ ਹਨ ਪਰ ਅਸਲ ਤਬਦੀਲੀ ਤਾਂ ਸਮਾਜ ਵਿੱਚ ਲੋਕਾਂ ਦੀ ਸੋਚ ਬਦਲਣ ਨਾਲ ਹੀ ਆਉਂਦੀ ਹੈ।

ਇਸ ਪ੍ਰਤੀ ਅਸੀਂ ਕੀ ਕਰ ਸਕਦੇ ਹਾਂ?
  1. ਜਿੱਥੇ ਵੀ ਤੁਸੀਂ ਬੱਚਿਆਂ ਨੂੰ ਕੰਮ ਕਰਦੇ ਦੇਖੋ, 1098 (ਆਲ ਇੰਡੀਆ) ਤੇ ਸ਼ਿਕਾਇਤ ਕਰੋ।
  2. ਆਪਣੇ-ਆਪਣੇ ਇਲਾਕੇ ਦੇ ਸਕੂਲਾਂ ਦੀ ਗੁਣਵੱਤਾ ਤੇ ਧਿਆਨ ਦਿਓ।
  3. ਆਪਣੇ ਘਰ ਦੇ ਨੌਕਰਾਂ ਲਈ ਕਦੇ ਵੀ ਬੱਚਿਆਂ ਦੀ ਭਰਤੀ ਨਾ ਕਰੋ।
  4. ਬੱਚਿਆਂ ਦੀ ਸਿੱਖਿਆ ਲਈ ਕਿਸੇ NGO ਜਾਂ ਯੋਜਨਾ ਨਾਲ ਸੰਪਰਕ ਕਰੋ। ਅੰਤ ਵਿੱਚ

ਵਿਸ਼ਵ ਬਾਲ ਮਜ਼ਦੂਰੀ ਵਿਰੁੱਧ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਬਚਪਨ ਇੱਕ ਖੇਡਣ, ਸਿੱਖਣ ਅਤੇ ਸੁਪਨੇ ਦੇਖਣ ਦੀ ਉਮਰ ਹੁੰਦੀ ਹੈ, ਨਾ ਕਿ ਮਿਹਨਤ ਕਰਨ ਦੀ। ਅਸੀਂ ਸਭ ਨੂੰ ਮਿਲ ਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰ ਬੱਚਾ ਆਪਣਾ ਬਚਪਨ ਖੁਸ਼ਹਾਲੀ, ਪਿਆਰ ਅਤੇ ਸਿੱਖਿਆ ਵਿੱਚ ਬਿਤਾਵੇ। ਅਸੀਂ ਧੰਨਵਾਦੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ ਅਤੇ ਬਾਲ ਭਲਾਈ ਲਈ ਇੰਨੇ ਉਪਰਾਲੇ ਕਰ ਰਹੇ ਹਨ।

Leave a Reply

Your email address will not be published. Required fields are marked *