ਹਰ ਸਾਲ ਇੱਕ ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮਜ਼ਦੂਰ ਦਿਵਸ ਉਹਨਾਂ ਲੋਕਾਂ ਦਾ ਦਿਨ ਹੈ ਜਿਨ੍ਹਾਂ ਲੋਕਾਂ ਨੇ ਅਪਣੇ ਖੂਨ ਪਸੀਨੇ ਦੀ ਕਮਾਈ ਨਾਲ ਦੇਸ਼ ਅਤੇ ਦੁਨੀਆਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਿਸੇ ਵੀ ਦੇਸ਼, ਸਮਾਜ, ਸੰਸਥਾ ਵਿਚ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ।
ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਮਿਹਨਤ ਅਤੇ ਲਗਨ ਦੀ ਬਦੌਲਤ ਹੀ ਅੱਜ ਦੁਨੀਆ ਭਰ ਦੇ ਦੇਸ਼ ਹਰ ਖੇਤਰ ਵਿੱਚ ਵਿਕਾਸ ਕਰ ਰਹੇ ਹਨ। ਮਜ਼ਦੂਰ ਦਿਵਸ ਨੂੰ ਮਈ ਦਿਵਸ, ਲੇਬਰ ਡੇਅ, ਕਰਮਚਾਰੀ ਦਿਵਸ ਆਦਿ ਵੀ ਕਿਹਾ ਜਾਂਦਾ ਹੈ। ਇਸ ਦਿਨ ਲਗਭਗ ਸਾਰੀਆਂ ਕੰਪਨੀਆਂ ਅਤੇ ਅਦਾਰਿਆਂ ਵਿਚ ਛੁੱਟੀ ਰਹਿੰਦੀ ਹੈ। ਸਿਰਫ਼ ਭਾਰਤ ਹੀ ਨਹੀਂ ਦੁਨੀਆ ਦੇ ਕਰੀਬ 80 ਦੇਸ਼ਾਂ ਵਿਚ ਇਸ ਦਿਨ ਛੁੱਟੀ ਰਹਿੰਦੀ ਹੈ।
ਮਜ਼ਦੂਰ ਦਿਵਸ ਦਾ ਇਤਿਹਾਸ
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੀ ਸ਼ੁਰੂਆਤ 1 ਮਈ 1886 ਨੂੰ ਹੋਈ ਸੀ। ਉਸ ਸਮੇਂ ਅਮਰੀਕਾ ਵਿਚ ਕਈ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਜ਼ਿਆਦਾ ਨਾ ਰੱਖਣ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸ਼ਿਕਾਗੋ ਦੀ ਹੇਮਾਰਕੀਟ ਵਿਚ ਬੰਬ ਧਮਾਕਾ ਹੋਇਆ ਸੀ। ਇਹ ਧਮਾਕਾ ਕਿਸ ਵੱਲੋਂ ਕਰਵਾਇਆ ਗਿਆ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਸੀ ਪਰ ਪੁਲਿਸ ਨੇ ਮਜ਼ਦੂਰਾਂ ‘ਤੇ ਗੋਲੀਆਂ ਚਲਾਈਆਂ ਅਤੇ ਇਸ ਦੌਰਾਨ ਕਈ ਮਜ਼ਦੂਰ ਮਾਰੇ ਗਏ। ਸ਼ਿਕਾਗੋ ਸ਼ਹਿਰ ਵਿਚ ਸ਼ਹੀਦ ਮਜ਼ਦੂਰਾਂ ਦੀ ਯਾਦ ਵਿਚ ਪਹਿਲੀ ਵਾਰ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਤੋਂ ਬਾਅਦ ਪੈਰਿਸ ਵਿਚ 1889 ਵਿੱਚ ਅੰਤਰਰਾਸ਼ਟਰੀ ਸਮਾਜਵਾਦੀ ਸੰਮੇਲਨ ਵਿਚ ਐਲਾਨ ਕੀਤਾ ਗਿਆ ਕਿ ਹੇਮਾਰਕਿਟ ਕਤਲੇਆਮ ਵਿਚ ਮਾਰੇ ਗਏ ਨਿਰਦੋਸ਼ ਲੋਕਾਂ ਦੀ ਯਾਦ ਵਿਚ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਰੂਪ ਵਿਚ ਮਨਾਇਆ ਜਾਵੇਗਾ ਅਤੇ ਇਸ ਦਿਨ ਸਾਰੇ ਮਜ਼ਦੂਰਾਂ ਅਤੇ ਕਰਮਚਾਰੀਆਂ ਨੂੰ ਛੁੱਟੀ ਰਹੇਗੀ। ਉਸ ਤੋਂ ਬਾਅਦ ਭਾਰਤ ਸਮੇਤ ਦੁਨੀਆ ਦੇ ਕਰੀਬ 80 ਦੇਸ਼ਾਂ ਵਿਚ ਮਜ਼ਦੂਰ ਦਿਵਸ ਨੂੰ ਰਾਸ਼ਟਰੀ ਛੁੱਟੀ ਦੇ ਰੂਪ ਵਿਚ ਮਨਾਇਆ ਜਾਣ ਲੱਗਿਆ।
ਕਿਉਂ ਮਨਾਇਆ ਜਾਂਦਾ ਹੈ ਮਜ਼ਦੂਰ ਦਿਵਸ?
ਭਾਰਤ ਵਿੱਚ ਮਜ਼ਦੂਰ ਦਿਵਸ ਕੰਮਕਾਜੀ ਲੋਕਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਭਾਰਤ ਵਿੱਚ ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਤਮਿਲਨਾਡੂ ਦੀ ਰਾਜਧਾਨੀ ਮਦਰਾਸ ਵਿੱਚ 1 ਮਈ 1923 ਨੂੰ ਹੋਈ ਸੀ। ਉਸ ਸਮੇਂ ਇਸ ਦਿਨ ਨੂੰ ਮਦਰਾਸ ਦਿਵਸ ਦੇ ਤੌਰ ‘ਤੇ ਵੀ ਪ੍ਰਮਾਣਿਤ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤ ਭਾਰਤੀ ਮਜ਼ਦੂਰ ਕਿਸਾਨ ਪਾਰਟੀ ਦੇ ਨੇਤਾ ਕਾਮਰੇਡ ਸਿੰਗਕਾਵੇਲੂ ਚੇਟਯਾਰ ਨੇ ਕੀਤੀ ਸੀ। ਭਾਰਤ ਵਿੱਚ ਮਦਰਾਸ ਹਾਈਕੋਰਟ ਸਾਹਮਣੇ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਅਤੇ ਇੱਕ ਰੈਜ਼ੋਲੂਸ਼ਨ ਪਾਸ ਕਰਕੇ ਇਹ ਸਹਿਮਤੀ ਬਣਾਈ ਗਈ ਕਿ ਇਸ ਦਿਵਸ ਨੂੰ ਭਾਰਤ ਵਿੱਚ ਵੀ ਮਜ਼ਦੂਰ ਦਿਵਸ ਦੇ ਤੌਰ ‘ਤੇ ਮਨਾਇਆ ਜਾਵੇ ਅਤੇ ਇਸ ਦਿਨ ਨੂੰ ਛੁੱਟੀ ਐਲਾਨਿਆ ਜਾਵੇ। ਉਸ ਸਮੇਂ ਭਾਰਤ ਵਿੱਚ ਮਜ਼ਦੂਰਾਂ ਦੀ ਜੰਗ ਲੜਨ ਲਈ ਕਈ ਨੇਤਾ ਵੀ ਸਾਹਮਣੇ ਆਏ।
ਮਜ਼ਦੂਰ ਦਿਵਸ ਦੀ ਮਹੱਤਤਾ
ਮਜ਼ਦੂਰਾਂ ਨੇ ਅਣਥੱਕ ਮਿਹਨਤ ਕਰਕੇ ਰਾਸ਼ਟਰ ਨਿਰਮਾਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਮਜ਼ਦੂਰ ਦਿਵਸ ਮਨਾਉਣ ਦਾ ਮਕਸਦ ਸਿਰਫ਼ ਮਜ਼ਦੂਰਾਂ ਦੀ ਸਖ਼ਤ ਮਿਹਨਤ ਦੀ ਪਛਾਣ ਕਰਨੀ ਹੀ ਨਹੀਂ, ਸਗੋਂ ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਸ਼ੋਸ਼ਣ ਤੋਂ ਬਚਾਉਣਾ ਵੀ ਹੈ। ਇਹ ਕਾਮਿਆਂ ਨੂੰ ਬਿਹਤਰ ਕੰਮ ਕਰਨ ਦੀਆਂ ਸਥਿਤੀਆਂ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਤਰੱਕੀ ਵਿੱਚ ਮਦਦ ਕਰਨ ਲਈ ਪ੍ਰੇਰਨਾਦਾਇਕ ਯਤਨਾਂ ਵੱਲ ਵੀ ਤਿਆਰ ਕਰਦਾ ਹੈ।
ਇਨ੍ਹਾਂ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਮਜ਼ਦੂਰ ਦਿਵਸ
ਮਿਸਰ ਵਿੱਚ, ਮਜ਼ਦੂਰ ਦਿਵਸ ਇੱਕ ਰਾਸ਼ਟਰੀ ਛੁੱਟੀ ਹੁੰਦੀ ਹੈ, ਪਰ ਜੇਕਰ ਕੋਈ ਵਿਅਕਤੀ ਇਸ ਦਿਨ ਕੰਮ ਕਰਨ ਲਈ ਸਹਿਮਤ ਹੁੰਦਾ ਹੈ, ਤਾਂ ਉਸ ਨੂੰ ਵੱਖਰਾ ਭੁਗਤਾਨ ਕੀਤਾ ਜਾਂਦਾ ਹੈ। ਘਾਨਾ ਵਿੱਚ, ਮਜ਼ਦੂਰ ਦਿਵਸ ਇੱਕ ਰਾਸ਼ਟਰੀ ਛੁੱਟੀ ਹੁੰਦੀ ਹੈ ਅਤੇ ਇਸਨੂੰ ਜਨਤਕ ਜਸ਼ਨਾਂ ਅਤੇ ਰੈਲੀਆਂ ਨਾਲ ਮਨਾਇਆ ਜਾਂਦਾ ਹੈ। ਇਥੋਪੀਆ ਵਿੱਚ, ਮਜ਼ਦੂਰ ਦਿਵਸ ਇੱਕ ਰਾਸ਼ਟਰੀ ਛੁੱਟੀ ਹੈ ਅਤੇ ਪਰੇਡਾਂ ਅਤੇ ਸੱਭਿਆਚਾਰਕ ਸਮਾਗਮਾਂ ਨਾਲ ਮਨਾਇਆ ਜਾਂਦਾ ਹੈ। ਕੀਨੀਆ ਵਿੱਚ, ਮਜ਼ਦੂਰ ਦਿਵਸ ਇੱਕ ਰਾਸ਼ਟਰੀ ਛੁੱਟੀ ਹੈ ਅਤੇ ਰੈਲੀਆਂ ਅਤੇ ਪ੍ਰਦਰਸ਼ਨਾਂ ਨਾਲ ਮਨਾਇਆ ਜਾਂਦਾ ਹੈ। ਲੀਬੀਆ ਵਿੱਚ, ਮਜ਼ਦੂਰ ਦਿਵਸ ਇੱਕ ਰਾਸ਼ਟਰੀ ਛੁੱਟੀ ਹੈ ਅਤੇ ਇਸਨੂੰ ਜਨਤਕ ਜਸ਼ਨਾਂ ਅਤੇ ਰੈਲੀਆਂ ਨਾਲ ਮਨਾਇਆ ਜਾਂਦਾ ਹੈ। ਦੱਖਣੀ ਅਫ਼ਰੀਕਾ ਵਿੱਚ, ਮਜ਼ਦੂਰ ਦਿਵਸ ਇੱਕ ਰਾਸ਼ਟਰੀ ਛੁੱਟੀ ਹੈ ਅਤੇ ਇਸ ਨੂੰ ਵਿਸ਼ਾਲ ਰੈਲੀਆਂ, ਪ੍ਰਦਰਸ਼ਨੀਆਂ ਅਤੇ ਸੱਭਿਆਚਾਰਕ ਸਮਾਗਮਾਂ ਨਾਲ ਮਨਾਇਆ ਜਾਂਦਾ ਹੈ। ਇਹ ਦੇਸ਼ ਦੀਆਂ ਸਭ ਤੋਂ ਮਹੱਤਵਪੂਰਨ ਛੁੱਟੀਆਂ ਵਿੱਚੋਂ ਇੱਕ ਹੈ। ਜ਼ਿੰਬਾਬਵੇ ਵਿੱਚ, ਮਜ਼ਦੂਰ ਦਿਵਸ ਇੱਕ ਰਾਸ਼ਟਰੀ ਛੁੱਟੀ ਹੈ ਅਤੇ ਰੈਲੀਆਂ ਅਤੇ ਪ੍ਰਦਰਸ਼ਨਾਂ ਨਾਲ ਮਨਾਇਆ ਜਾਂਦਾ ਹੈ। ਨਾਮੀਬੀਆ ਵਿੱਚ, ਮਜ਼ਦੂਰ ਦਿਵਸ ਇੱਕ ਰਾਸ਼ਟਰੀ ਛੁੱਟੀ ਹੈ ਅਤੇ ਇਸਨੂੰ ਜਨਤਕ ਜਸ਼ਨਾਂ ਅਤੇ ਰੈਲੀਆਂ ਨਾਲ ਮਨਾਇਆ ਜਾਂਦਾ ਹੈ।
ਮਜਦੂਰਾਂ ‘ਤੇ ਲਿਖਣ ਵਾਲੇ ਕਵੀ
ਸੰਤ ਰਾਮ ਉਦਾਸੀ
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ,
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ,
ਅੱਖਾਂ ਸੁੰਨੀਆਂ, ਤੇ ਦੰਦ ਤਰੇੜੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵਿਹੜੇ !
ਇਰਾਨੀ ਮਜ਼ਦੂਰ ਕਵੀ ਸਬੀਰ ਹਕਾ ਦੀਆਂ ਕਵਿਤਾ
{“ਮੈਂ ਥੱਕਿਆ ਹੋਇਆ ਹਾਂ, ਬੇਹੱਦ ਥੱਕਿਆ ਹੋਇਆ। ਮੈਂ ਜੰਮਣ ਤੋਂ ਪਹਿਲਾਂ ਹੀ ਥੱਕਿਆ ਹੋਇਆ ਹਾਂ। ਮੇਰੀ ਮਾਂ ਮੈਨੂੰ ਆਪਣੇ ਗਰਭ ‘ਚ ਪਾਲ਼ਦੀ ਹੋਈ ਮਜ਼ਦੂਰੀ ਕਰ ਰਹੀ ਸੀ, ਉਦੋਂ ਤੋਂ ਹੀ ਮੈਂ ਇੱਕ ਮਜ਼ਦੂਰ ਹਾਂ। ਮੈਂ ਆਪਣੀ ਮਾਂ ਦੀ ਥਕਾਵਟ ਮਹਿਸੂਸ ਕਰ ਸਕਦਾ ਹਾਂ। ਉਸਦੀ ਥਕਾਵਟ ਹੁਣ ਮੇਰੇ ਜਿਸਮ ਦਾ ਹਿੱਸਾ ਹੈ।”
ਲਾਲ ਸਿੰਘ ਦਿਲ
ਸਵੇਰ
ਜ਼ਿੰਦਗ਼ੀ ਦੇ ਯੁੱਗ ਦੀ ਸਵੇਰ
ਆਏਗੀ ਜ਼ਰੂਰ ਇੱਕ ਵੇਰ।
ਕੱਲ੍ਹ ਹੋਣਗੇ ਸਾਡੇ ਪੈਰਾਂ ਹੇਠ
ਡਿੱਗੀਆਂ ਇਮਾਰਤਾਂ ਦੇ ਢੇਰ।
ਗਲ ਜਾਣੇ ਗੋਹਿਆਂ ‘ਚ ਤਾਜ
ਆਸਣਾਂ ਤੋਂ ਸੁੱਕਣੇ ਕਨੇਰ।
ਨੰਦ ਲਾਲ ਨੂਰਪੁਰੀ
ਮਜ਼ਦੂਰ
ਧੁੱਪਾਂ ਵਿੱਚ ਸੜ-ਸੜ ਕੇ ਗਰਮੀ ਵਿਚ ਕੜ੍ਹ-ਕੜ੍ਹ ਕੇ
ਭੁੱਖੇ ਤੇ ਤਿਹਾਏ ਨੇ, ਟੋਕਰੀਆਂ ਚਾਈਆਂ ਨੇ
ਮੈਂ ਕਹੀਆਂ ਵਾਹੀਆਂ ਨੇ, ਪਾਪੀ ਇਹ ਪੇਟ ਮੇਰਾ
ਜਿੰਨ੍ਹੇ ਕਰਵਾਈਆਂ ਨੇ ।